ਬਹਿਰਾਇਚ (ਉੱਤਰ ਪ੍ਰਦੇਸ਼), 10 ਸਤੰਬਰ
ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੀ ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨੇਤਾ ਰਾਕੇਸ਼ ਟਿਕੈਤ ਦੀ ‘ਕੁੱਟਮਾਰ ਕਰਨ ਵਾਲੇ’ ਨੂੰ 11 ਲੱਖ ਰੁਪਏ ਦਾ ਇਨਾਮ ਦੇਣ ਦੇ ਐਲਾਨ ਅਤੇ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਪੋੋਸਟਰ ਲਾਉਣ ਦੇ ਦੋਸ਼ ਹੇਠ ਇੱਕ ਕਿਸਾਨ ਯੂਨੀਅਨ ਦੇ ਨੇਤਾ ਅਤੇ ਇੱਕ ਪ੍ਰਿੰਟਿੰਗ ਪ੍ਰੈੱਸ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸਾਰੀਆਂ ਥਾਵਾਂ ’ਤੇ ਲੱਗੇ ਪੋੋਸਟਰ ਹਟਵਾ ਦਿੱਤੇ ਹਨ। ਇਹ ਪੋਸਟਰ ਕਿਸਾਨ-ਕਰਜ਼ ਮੁਕਤੀ ਮੁਹਿੰਮ ਸੰਗਠਨ ਦੇ ਨਾਂਅ ਹੇਠ ਜਾਰੀ ਕੀਤੇ ਗਏ ਸਨ। ਬਹਿਰਾਇਚ ਦੇ ਏਸੀਪੀ (ਸ਼ਹਿਰੀ) ਕੁੰਵਰ ਗਿਆਨੰਜੈ ਸਿੰਘ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ’ਚ ਦੱਸਿਆ, ‘ਪੋਸਟਰ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬਹਿਰਾਇਚ ਜ਼ਿਲ੍ਹੇ ਦੇ ਥਾਣਾ ਹਜ਼ੂਰਪੁਰ ਇਲਾਕਾ ਵਾਸੀ ਲਵ ਵਿਕਰਮ ਸਿੰਘ ਉਰਫ਼ ਜੈਨੂ ਠਾਕੁਰ ਨਾਮੀਂ ਨੌਜਵਾਨ ਨੇ ਜੋਸ਼ ਵਿੱਚ ਆ ਕੇ ਸ਼ਹਿਰ ਦੇ ਅਮਨ ਗੁਪਤਾ ਦੀ ਪ੍ਰਿੰਟਿੰਗ ਪ੍ਰੈੱਸ ਤੋਂ ਲੱਗਪਗ 50 ਪੋਸਟਰ ਛਪਵਾ ਕੇ ਵੀਰਵਾਰ ਨੂੰ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਲਾ ਦਿੱਤੇ ਸਨ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਸਾਰੀਆਂ ਥਾਵਾਂ ਤੋਂ ਪੋਸਟਰ ਹਟਵਾ ਦਿੱਤੇ ਹਨ। ਜੈਨੂ ਠਾਕੁਰ ਅਤੇ ਪ੍ਰਿੰਟਿੰਗ ਪ੍ਰੈੱਸ ਮਾਲਕ ਅਮਨ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਸਬੰਧੀ ਕੋਈ ਸਮੱਸਿਆ ਨਹੀਂ ਹੈ।’ -ਪੀਟੀਆਈ