ਨਵੀਂ ਦਿੱਲੀ, 1 ਦਸੰਬਰ
ਟਵਿੱਟਰ ਦੇ ਨਵੇਂ ਨਿਯੁਕਤ ਕੀਤੇ ਗਏ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪਰਾਗ ਅਗਰਵਾਲ ਨੂੰ ਸਾਲਾਨਾ ਦਸ ਲੱਖ ਡਾਲਰ ਤਨਖ਼ਾਹ ਮਿਲੇਗੀ। ਇਸ ਤੋਂ ਇਲਾਵਾ ਕਈ ਹੋਰ ਬੋਨਸ ਤੇ ਸਹੂਲਤਾਂ ਵੀ ਮਿਲਣਗੀਆਂ। ਭਾਰਤ ਦੇ ਜੰਮਪਲ ਅਗਰਵਾਲ, ਜੋ ਕਿ ਜੈਕ ਡੋਰਸੀ ਦਾ ਥਾਂ ਲੈਣਗੇ ਇਸ ਤੋਂ ਪਹਿਲਾਂ ਟਵਿੱਟਰ ਦੇ ਮੁੱਖ ਤਕਨੀਕੀ ਅਫ਼ਸਰ (ਸੀਟੀਓ) ਰਹਿ ਚੁੱਕੇ ਹਨ। ਉਹ ਕੰਪਨੀ ਦੀ ਤਕਨੀਕੀ ਰਣਨੀਤੀ ਲਈ ਜ਼ਿੰਮੇਵਾਰ ਸਨ। ਅਗਰਵਾਲ ਨੇ 2011 ਵਿਚ ਸੌਫਟਵੇਅਰ ਇੰਜਨੀਅਰ ਵਜੋਂ ਟਵਿੱਟਰ ਵਿਚ ਨੌਕਰੀ ਸ਼ੁਰੂ ਕੀਤੀ ਸੀ। ਉਨ੍ਹਾਂ ਟਵਿੱਟਰ ਦੇ ‘ਐਡ ਸਿਸਟਮ’ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਅਗਰਵਾਲ (37) ਨੇ ਆਈਆਈਟੀ ਮੁੰਬਈ ਤੋਂ ਬੈਚਲਰਜ਼ ਕੀਤੀ ਸੀ ਤੇ ਮਗਰੋਂ ਸਟੈਨਫੋਰਡ ’ਵਰਸਿਟੀ ਤੋਂ ਪੀਐਚਡੀ ਕੀਤੀ। ਕੰਪਨੀ ਮੁਤਾਬਕ ਪਰਾਗ ਨੂੰ ਕਾਰਜਕਾਰੀ ਬੋਨਸ ਪਲਾਨ ਮਿਲੇਗਾ, ਬੋਰਡ ਉਨ੍ਹਾਂ ਨੂੰ ਸਟਾਕ ਯੂਨਿਟ (ਆਰਐੱਸਯੂ) ਵੀ ਅਲਾਟ ਕਰੇਗਾ ਜੋ ਕਿ 12,500,000 ਅਮਰੀਕੀ ਡਾਲਰ ਹੋਵੇਗਾ। -ਪੀਟੀਆਈ