ਨਵੀਂ ਦਿੱਲੀ: ਕਾਂਰਗਸ ਨੇ ਦੋਸ਼ ਲਾਇਆ ਹੈ ਕਿ ਪਾਰਟੀ ਦਾ ਟਵਿੱਟਰ ਹੈਂਡਲ ਅਤੇ ਉਨ੍ਹਾਂ ਦੇ ਕਈ ਆਗੂਆਂ ਤੇ ਵਰਕਰਾਂ ਦੇ ਖਾਤੇ ਮਾਈਕਰੋਬਲੌਗਿੰਗ ਵੈੱਬਸਾਈਟ ਨੇ ਬਲਾਕ ਕਰ ਦਿੱਤੇ ਹਨ। ਪਿਛਲੇ ਹਫ਼ਤੇ ਦਿੱਲੀ ’ਚ ਜਬਰ-ਜਨਾਹ ਮਗਰੋਂ ਕਤਲ ਕੀਤੀ ਗਈ ਬੱਚੀ ਦੇ ਪਰਿਵਾਰ ਦੀਆਂ ਤਸਵੀਰਾਂ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਟਵਿੱਟਰ ’ਤੇ ਨਸ਼ਰ ਕੀਤੇ ਜਾਣ ਮਗਰੋਂ ਵੈੱਬਸਾਈਟ ਨੇ ਉਸ ਦਾ ਖਾਤਾ ਬਲਾਕ ਕਰ ਦਿੱਤਾ ਸੀ। ਕਾਂਗਰਸ ਨੇ ਦੋਸ਼ ਲਾਇਆ ਕਿ ਸਰਕਾਰ ਦੇ ਦਬਾਅ ਹੇਠ ਆ ਕੇ ਟਵਿੱਟਰ ਨੇ ਇਹ ਕਦਮ ਉਠਾਇਆ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਟਵਿੱਟਰ ਨੂੰ ਧਮਕਾ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ’ਚ ਕਾਮਯਾਬ ਨਹੀਂ ਹੋਵੇਗੀ। ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਰੋਹਨ ਗੁਪਤਾ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਟਵਿੱਟਰ ਹੈਂਡਲ ਦੇ ਨਾਲ ਨਾਲ ਚੋਟੀ ਦੇ ਆਗੂਆਂ ਅਤੇ ਵਰਕਰਾਂ ਦੇ ਖਾਤੇ ਵੈੱਬਸਾਈਟ ਵੱਲੋਂ ਬਲਾਕ ਕਰ ਦਿੱਤੇ ਗਏ ਹਨ। ਪਾਰਟੀ ਨੇ ਕਿਹਾ ਕਿ ਸੁਰਜੇਵਾਲਾ, ਕੇ ਸੀ ਵੇਣੂਗੋਪਾਲ, ਅਜੈ ਮਾਕਨ, ਮਨੀਕਮ ਟੈਗੋਰ, ਜੀਤੇਂਦਰ ਸਿੰਘ ਅਤੇ ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਦੇ ਖਾਤੇ ਵੀ ਬਲਾਕ ਕਰ ਦਿੱਤੇ ਗਏ ਹਨ। ਪਾਰਟੀ ਦੇ ਸੰਚਾਰ ਮਾਮਲਿਆਂ ਬਾਰੇ ਵਿਭਾਗ ਦੇ ਮੁਖੀ ਪ੍ਰਣਵ ਝਾਅ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਨਹੀਂ ਜਾਣਦੇ ਕਿ ਕਾਂਗਰਸੀ ਕਾਲੇ ਪਾਣੀਆਂ ’ਚ ਡੱਕੇ ਹੋਣ ਦੇ ਬਾਵਜੂਦ ਉਥੋਂ ਲੜਨ ਦੀ ਤਾਕਤ ਰਖਦੇ ਹਨ ਅਤੇ ਇਹ ਉਨ੍ਹਾਂ ਦੇ ਵਿਰਸੇ ’ਚ ਹੈ। ਮਹਾਰਾਸ਼ਟਰ ਅਤੇ ਰਾਜਸਥਾਨ ਦੇ ਕਈ ਆਗੂਆਂ ਨੇ ਵੀ ਟਵਿੱਟਰ ਅਕਾਊਂਟ ਬਲਾਕ ਹੋਣ ਦਾ ਦਾਅਵਾ ਕੀਤਾ ਹੈ। -ਪੀਟੀਆਈ
ਨੇਮਾਂ ਦੀ ਉਲੰਘਣਾ ਕਾਰਨ ਕੀਤੀ ਕਾਰਵਾਈ: ਟਵਿੱਟਰ
ਨਵੀਂ ਦਿੱਲੀ: ਟਵਿੱਟਰ ਨੇ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਕਈ ਆਗੂਆਂ ਦੇ ਖਾਤੇ ਬਲਾਕ ਕਰਨ ਦਾ ਕਾਰਨ ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਅਜਿਹੀ ਤਸਵੀਰ ਨਸ਼ਰ ਕੀਤੀ ਸੀ ਜੋ ਵੈੱਬਸਾਈਟ ਦੇ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਵਿਅਕਤੀ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਦੇਖਦਿਆਂ ਕੀਤੀ ਗਈ ਹੈ। ਟਵਿੱਟਰ ਦੇ ਤਰਜਮਾਨ ਨੇ ਕਿਹਾ ਕਿ ਕੰਪਨੀ ਦੇ ਨੇਮ ਬਿਨਾਂ ਕਿਸੇ ਪੱਖਪਾਤ ’ਤੇ ਸਾਰਿਆਂ ਉਪਰ ਲਾਗੂ ਹੁੰਦੇ ਹਨ।ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਨੇ ਜਿਨਸੀ ਸ਼ੋਸ਼ਣ ਦੀ ਪੀੜਤਾ ਦੇ ਮਾਪਿਆਂ ਦੀ ਪਛਾਣ ਦਾ ਖੁਲਾਸਾ ਕਰਨ ਬਾਰੇ ਚੌਕਸ ਕੀਤਾ ਗਿਆ ਸੀ। ਟਵਿੱਟਰ ਨੇ ਆਈਟੀ ਨੇਮਾਂ ਤਹਿਤ ਜਾਰੀ ਮਾਸਿਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ 26 ਜੂਨ ਤੋਂ 25 ਜੁਲਾਈ ਵਿਚਕਾਰ 126 ਸ਼ਿਕਾਇਤਾਂ ਮਿਲੀਆਂ ਸਨ ਅਤੇ 167 ਖਾਤਿਆਂ ’ਤੇ ਕਾਰਵਾਈ ਕੀਤੀ ਗਈ ਹੈ। -ਪੀਟੀਆਈ