ਨਵੀਂ ਦਿੱਲੀ, 25 ਅਪਰੈਲ
ਟਵਿੱਟਰ ਤੇ ਹੋਰ ਸ਼ੋਸ਼ਲ ਮੀਡੀਆ ਨੇ ਸਰਕਾਰ ਦੇ ਕਹਿਣ ’ਤੇ 100 ਇਤਰਾਜ਼ਯੋਗ ਪੋਸਟਾਂ ਤੇ ਤੱਥ ਆਪਣੇ ਖਾਤਿਆਂ ਵਿਚੋਂ ਹਟਾ ਲਏ ਹਨ, ਇਹ ਪੋਸਟਾਂ ਕਰੋਨਾ ਮਹਾਮਾਰੀ ਬਾਰੇ ਗਲਤ ਜਾਣਕਾਰੀ ਦੇ ਰਹੀਆਂ ਸਨ। ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਦੇ ਕਹਿਣ ’ਤੇ ਉਨ੍ਹਾਂ ਇਤਰਾਜ਼ਯੋਗ ਪੋਸਟਾਂ ਹਟਾ ਦਿੱਤੀਆਂ ਹਨ ਜਦਕਿ ਫੇਸਬੁੱਕ ਨੇ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ੋਸ਼ਲ ਮੀਡੀਆ ਕੰਪਨੀਆਂ ਨੇ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰ ਦਿੱਤਾ ਹੈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਪੋਸਟਾਂ ਕਿਹੜੀਆਂ ਸਨ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ’ਤੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਸੋਸ਼ਲ ਮੀਡੀਆਂ ਕੰਪਨੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਤਾਂ ਕਿ ਮਹਾਮਾਰੀ ਖਿਲਾਫ਼ ਇਕਜੁੱਟ ਹੋ ਕੇ ਲੜਾਈ ਲੜੀ ਜਾ ਸਕੇ। ਦੱਸਣਾ ਬਣਦਾ ਹੈ ਕਿ ਇਨ੍ਹਾਂ ਪੋਸਟਾਂ ਵਿਚ ਮੈਡੀਕਲ ਸਹੂਲਤਾਂ ਬਾਰੇ ਦੁਰਪ੍ਰਚਾਰ ਕੀਤਾ ਜਾ ਰਿਹਾ ਸੀ ਜਿਸ ਕਾਰਨ ਲੋਕ ਸਹਿਮ ਵਿਚ ਸਨ।-ਪੀਟੀਆਈ