ਨਵੀਂ ਦਿੱਲੀ, 28 ਅਗਸਤ
ਨੋਇਡਾ ਵਿੱਚ ਅੱਜ ਟਵਿਨ ਟਾਵਰਾਂ ਢਾਹੇ ਗਏ ਹਨ ਅਤੇ ਡਾਕਟਰਾਂ ਨੇ ਸਾਹ ਦੀ ਬਿਮਾਰੀ ਤੋਂ ਪੀੜਤ ਵਸਨੀਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੁਝ ਦਿਨ ਇਸ ਇਲਾਕੇ ਤੋਂ ਦੂਰ ਰਹਿਣ। ਇਨ੍ਹਾਂ ਟਵਿਨ ਟਾਵਰਾਂ ਨੂੰ ਢਾਹੁਣ ਕਾਰਨ 80 ਹਜ਼ਾਰ ਟਨ ਮਲਬਾ ਪੈਦਾ ਹੋਇਆ ਹੈ ਤੇ ਹਵਾ ਵਿੱਚ ਧੂੜ ਫੈਲ ਗਈ ਹੈ ਜਿਸ ਕਾਰਨ ਸਾਹ ਦੇ ਰੋਗੀਆਂ ਨੂੰ ਦਿੱਕਤਾਂ ਪੇਸ਼ ਆ ਸਕਦੀਆਂ ਹਨ। ਧੂੜ ਦੇ ਇਹ ਕਣ ਕਈ ਦਿਨ ਹਵਾ ਵਿੱਚ ਰਹਿਣਗੇ। ਇਸ ਕਾਰਨ ਅੱਖਾਂ ਵਿੱਚ ਖਾਰਸ਼ ਹੋ ਸਕਦੀ ਹੈ, ਫੇਫੜਿਆਂ ਵਿੱਚ ਇਨਫੈਕਸ਼ਨ ਤੇ ਸਾਹ ਦੀ ਤਕਲੀਫ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਸਫਦਰਜੰਗ ਹਸਪਤਾਲ ਦੇ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਹਵਾ ਦੀ ਰਫਤਾਰ ਘੱਟ ਹੋਣ ਕਾਰਨ ਵਾਤਾਵਰਨ ਵਿੱਚ ਧੂੜ ਦੇ ਕਣ ਕਈ ਦਿਨ ਰਹਿ ਸਕਦੇ ਹਨ। ਇਸ ਲਈ ਅਸਥਮਾ ਦੇ ਮਰੀਜ਼ ਇਹ ਇਲਾਕੇ ਤੋਂ ਦੂਰ ਕੁਝ ਦਿਨਾਂ ਲਈ ਦੂਰ ਰਹਿਣ ਅਤੇ ਅਜਿਹੇ ਮਰੀਜ਼ ਦਵਾਈ ਖਾਂਦੇ ਰਹਿਣ ਤੇ ਸਾਹ ਦੀ ਤਕਲੀਫ ਵਧਣ ’ਤੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨ। -ਪੀਟੀਆਈ