ਨਵੀਂ ਦਿੱਲੀ, 8 ਨਵੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤ੍ਰਿਪੁਰਾ ਪੁਲੀਸ ਵੱਲੋਂ ਪੱਤਰਕਾਰਾਂ ਤੇ ਕਾਰਕੁਨਾਂ ਸਣੇ 102 ਵਿਅਕਤੀਆਂ ਖ਼ਿਲਾਫ਼ ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਕੇਸ ਦਰਜ ਕਰਨ ਦੀ ਅੱਜ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਤੇ ਯੂਏਪੀਏ ਲਾ ਕੇ ਸੱਚਾਈ ਨੂੰ ਚੁੱਪ ਨਹੀਂ ਕਰਵਾ ਸਕਦੇ। ਉਨ੍ਹਾਂ ਭਾਜਪਾ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਉਹ ਆਪਣੀ ਮਨਪਸੰਦ ਰਣਨੀਤੀ ਤਹਿਤ ਸੁਨੇਹਾ ਦੇਣ ਵਾਲੇ ‘ਦੂਤ’ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ। ਤ੍ਰਿਪੁਰਾ ਪੁਲੀਸ ਨੇ ਮਸਜਿਦਾਂ ’ਤੇ ਕਥਿਤ ਹਮਲੇ ਤੇ ਝੜਪਾਂ ਦੇ ਮਾਮਲੇ ਵਿੱਚ ਪੱਤਰਕਾਰਾਂ ਅਤੇ ਕਾਰਕੁਨਾਂ ਸਮੇਤ ਸੋਸ਼ਲ ਮੀਡੀਆ ਵਰਤਣ ਵਾਲੇ 102 ਵਿਅਕਤੀਆਂ ਖ਼ਿਲਾਫ਼ ਯੂਏਪੀਏ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਪਾਬੰਦੀ ਲਾ ਦਿੱਤੀ ਸੀ। ਰਾਹੁਲ ਨੇ ਟਵੱਟਰ ’ਤੇ ਲਿਖਿਆ, ‘‘ਇਹ ਦੱਸਣਾ ਕਿ ਤ੍ਰਿਪੁਰਾ ਜਲ ਰਿਹਾ ਹੈ, ਨੂੰ ਸੁਧਾਰਾਤਮਕ ਕਾਰਵਾਈ ਕਿਹਾ ਜਾਂਦਾ ਹੈ। ਪਰ ਭਾਜਪਾ ਦੀ ਮਨਪਸੰਦ ਰਣਨੀਤੀ ਦੂਤ ਨੂੰ ਹੀ ਗੋਲੀ ਮਾਰਨ ਦੀ ਹੈ। ਯੂਏਪੀਏ ਲਾ ਕੇ ਸੱਚਾਈ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ।’’ ਤ੍ਰਿਪੁਰਾ ਪੁਲੀਸ ਨੇ ਕਥਿਤ ਫ਼ਿਰਕਾਪ੍ਰਸਤੀ ਨੂੰ ਵਧਾਉਣ ਦੇ ਦੋਸ਼ ਹੇਠ ਸੁਪਰੀਮ ਕੋਰਟ ਦੇ ਚਾਰ ਵਕੀਲਾਂ ਖ਼ਿਲਾਫ਼ ਯੂਏਪੀਏ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। -ਪੀਟੀਆਈ