ਹੈਦਰਾਬਾਦ: ਸੂਬੇ ਤੋਂ ਬਾਹਰ ਪੈਰ ਪਸਾਰਨ ਦੇ ਮੰਤਵ ਨਾਲ ਤਿਲੰਗਾਨਾ ਦੀ ਸੱਤਾਧਾਰੀ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਨੇ ਪਾਰਟੀ ਦਾ ਨਾਂ ਬਦਲ ਕੇ ਭਾਰਤ ਰਾਸ਼ਟਰ ਸਮਿਤੀ ਕਰ ਲਿਆ ਹੈ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੌਮੀ ਪੱਧਰ ਦੀ ਭੂਮਿਕਾ ਉਤੇ ਧਿਆਨ ਕੇਂਦਰਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਟੀਆਰਐੱਸ ਦੀ ਸਥਾਪਨਾ 21 ਸਾਲ ਪਹਿਲਾਂ ਤਿਲੰਗਾਨਾ ਨੂੰ ਆਂਧਰਾ ਪ੍ਰਦੇਸ਼ ਤੋਂ ਅਲੱਗ ਕਰ ਕੇ ਵੱਖਰਾ ਸੂਬਾ ਬਣਾਉਣ ਦੇ ਮੰਤਵ ਨਾਲ ਹੋਈ ਸੀ। ਟੀਆਰਐੱਸ ਨੇ ਅੱਜ ਆਪਣੇ ਆਮ ਇਜਲਾਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪਾਰਟੀ ਨੂੰ ਭਾਰਤ ਰਾਸ਼ਟਰ ਸਮਿਤੀ ਦਾ ਨਾਂ ਦੇ ਦਿੱਤਾ। ਇਸ ਕਦਮ ਨਾਲ ਟੀਆਰਐੱਸ ਹੁਣ ਭਾਜਪਾ ਨੂੰ ਟੱਕਰ ਦੇਣ ਤੇ ਕੌਮੀ ਪੱਧਰ ਦੀ ਤਾਕਤ ਬਣਨ ਦੀ ਕੋਸ਼ਿਸ਼ ਕਰੇਗੀ। ਇਕੋ ਤਰ੍ਹਾਂ ਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਗੱਠਜੋੜ ਵੀ ਕੀਤਾ ਜਾ ਸਕਦਾ ਹੈ। ਪਾਰਟੀ ਨੇ ਇਸੇ ਸਾਲ ਅਪਰੈਲ ਵਿਚ ਆਪਣੇ ਸਥਾਪਨਾ ਦਿਵਸ ਮੌਕੇ ਕਿਹਾ ਸੀ ਕਿ ਟੀਆਰਐੱਸ ਨੂੰ ਦੇਸ਼ ਹਿੱਤ ਵਿਚ ਹੁਣ ਕੌਮੀ ਪੱਧਰ ਦੀ ਸਿਆਸਤ ’ਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਭਾਜਪਾ ਸਿਆਸੀ ਲਾਹੇ ਲਈ ‘ਫ਼ਿਰਕੂ ਭਾਵਨਾਵਾਂ ਨਾਲ ਖਿਲਵਾੜ’ ਕਰ ਰਹੀ ਹੈ। ਮੁੱਖ ਮੰਤਰੀ ਰਾਓ ਜੋ ਕਿ ਟੀਆਰਐੱਸ ਦੇ ਪ੍ਰਧਾਨ ਵੀ ਹਨ, ਨੇ ਅੱਜ ਜੇਡੀ(ਐੱਸ) ਆਗੂ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਤੇ ਤਾਮਿਲਨਾਡੂ ਦੇ ਆਗੂਆਂ ਦੀ ਹਾਜ਼ਰੀ ਵਿਚ ਪਾਰਟੀ ਦਾ ਨਾਂ ਬਦਲਣ ਦਾ ਮਤਾ ਪੇਸ਼ ਕੀਤਾ। ਟੀਆਰਐੱਸ ਦੇ ਆਗੂ ਤੇ ਵਰਕਰ ਅੱਜ ਇੱਥੇ ਤਿਲੰਗਾਨਾ ਭਵਨ ਦੇ ਬਾਹਰ ਜੁੜੇ ਅਤੇ ਪਾਰਟੀ ਦਾ ਨਾਂ ਬਦਲਣ ’ਤੇ ਮਠਿਆਈਆਂ ਵੰਡ ਕੇ ਖ਼ੁਸ਼ੀ ਮਨਾਈ। ਜ਼ਿਕਰਯੋਗ ਹੈ ਕਿ ਰਾਓ ਨੇ ਪਿਛਲੇ ਇਕ ਸਾਲ ਦੌਰਾਨ ਭਾਜਪਾ ਦੀ ਕਰੜੀ ਆਲੋਚਨਾ ਕੀਤੀ ਹੈ। ਤਿਲੰਗਾਨਾ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣਗੀਆਂ। -ਪੀਟੀਆਈ