ਹੈਦਰਾਬਾਦ/ਨਵੀਂ ਦਿੱਲੀ, 18 ਦਸੰਬਰ
ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਕਿਹਾ ਹੈ ਕਿ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ’ਤੇ ਫ਼ੌਜ ਦੀ ਵਾਪਸੀ ਅਜੇ ਮੁਕੰਮਲ ਨਹੀਂ ਹੋਈ ਹੈ ਜਿਸ ਕਾਰਨ ਅਗਾਊਂ ਚੌਕੀਆਂ ’ਤੇ ਫ਼ੌਜ ਅਜੇ ਤਾਇਨਾਤ ਰਹੇਗੀ। ਹੈਦਰਾਬਾਦ ’ਚ ਏਅਰ ਫੋਰਸ ਅਕੈਡਮੀ ’ਚ ਸਾਂਝੀ ਗਰੈਜੂਏਸ਼ਨ ਪਰੇਡ ਨੂੰ ਸੰਬੋਧਨ ਕਰਦਿਆਂ ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਕਿਹਾ ਕਿ ਚੀਨ ਨਾਲ ਅਜੇ ਅੜਿੱਕਾ ਜਾਰੀ ਹੈ ਅਤੇ ਸਿਰਫ਼ ਲੱਦਾਖ ਦੇ ਕੁਝ ਖਾਸ ਇਲਾਕਿਆਂ ’ਚੋਂ ਹੀ ਫ਼ੌਜ ਦੀ ਵਾਪਸੀ ਹੋਈ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਸਰਹੱਦਾਂ ’ਤੇ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਤਿਆਰ ਹੈ। ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਕਿਹਾ,‘‘ਭਾਰਤੀ ਹਵਾਈ ਸੈਨਾ ਰਾਫ਼ਾਲ, ਅਪਾਚੇ, ਚਿਨੂਕ ਅਤੇ ਐੱਸਏਜੀਡਬਲਿਊ ਵਰਗੀਆਂ ਪ੍ਰਣਾਲੀਆਂ ਨਾਲ ਵਧੇਰੇ ਤਾਕਤਵਰ ਬਣ ਰਹੀ ਹੈ।’’ ਉਨ੍ਹਾਂ ਕਿਹਾ ਕਿ ਰਾਫ਼ਾਲ ਜੈੱਟਾਂ ਨੂੰ ਹਵਾਈ ਸੈਨਾ ’ਚ ਸ਼ਾਮਲ ਕਰਨ ਦਾ ਅਮਲ ਫਰਵਰੀ 2022 ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 36 ’ਚੋਂ 32 ਰਾਫ਼ਾਲ ਦੇਸ਼ ’ਚ ਪਹੁੰਚ ਚੁੱਕੇ ਹਨ ਅਤੇ ਬਾਕੀ ਚਾਰ ’ਚੋਂ ਤਿੰਨ ਫਰਵਰੀ ’ਚ ਸਮੇਂ ’ਤੇ ਪਹੁੰਚ ਜਾਣਗੇ। ਨੌਜਵਾਨ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਕਿਹਾ ਕਿ ਉਹ ਹੁਣ ਜਿਸ ਮਾਹੌਲ ’ਚ ਜਾਣਗੇ, ਉਹ ਵਧੇਰੇ ਚੁਣੌਤੀ ਵਾਲਾ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੀ ਮੁਹਾਰਤ ਅਤੇ ਉਨ੍ਹਾਂ ਵੱਲੋਂ ਦਿਖਾਏ ਜਜ਼ਬੇ ਨੂੰ ਅੱਗੇ ਲੈ ਕੇ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਜਵਾਨਾਂ ਨੂੰ ਪੜ੍ਹਨ ਦੀ ਆਦਤ ਬਣਾਉਣੀ ਚਾਹੀਦੀ ਹੈ ਤਾਂ ਜੋ ਉਹ ਫ਼ੌਜ ਦੇ ਇਤਿਹਾਸ, ਭੂਗੋਲਿਕ ਸਿਆਸਤ ਅਤੇ ਕੌਮਾਂਤਰੀ ਮਾਮਲਿਆਂ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਸ਼ਰੀਰਕ, ਭਾਵਨਾਤਮਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਦੀ ਲੋੜ ਹੈ। -ਆਈਏਐਨਐਸ
‘ਹੈਲੀਕਾਪਟਰ ਹਾਦਸੇ ਦੀ ਜਾਂਚ ’ਚ ਅਜੇ ਕੁਝ ਹਫ਼ਤੇ ਲੱਗਣਗੇ’
ਹੈਦਰਾਬਾਦ: ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਕਿਹਾ ਹੈ ਕਿ ਹੈਲੀਕਾਪਟਰ ਹਾਦਸੇ ਦੀ ਤਿੰਨੋਂ ਸੈਨਾਵਾਂ ਦੀ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਕੋਰਟ ਆਫ਼ ਇਨਕੁਆਇਰੀ ਸਹੀ ਤਰ੍ਹਾਂ ਹੋਵੇਗੀ ਅਤੇ ਘਟਨਾ ਦੀ ਹਰੇਕ ਨੁਕਤੇ ਨਾਲ ਜਾਂਚ ਕੀਤੀ ਜਾਵੇਗੀ। ਇਥੇ ਸਾਂਝੀ ਗਰੈਜੂਏਸ਼ਨ ਪਰੇਡ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੈਲੀਕਾਪਟਰ ਹਾਦਸੇ ਦੀ ਜਾਂਚ ’ਚ ਅਜੇ ਕੁਝ ਹੋਰ ਹਫ਼ਤੇ ਲੱਗਣਗੇ ਅਤੇ ਉਹ ਜਾਂਚ ਬਾਰੇ ਪਹਿਲਾਂ ਕੋਈ ਟਿੱਪਣੀ ਨਹੀਂ ਕਰਨਾ ਚਾਹੁਣਗੇ। ਤਾਮਿਲ ਨਾਡੂ ’ਚ ਵਾਪਰੇ ਹੈਲੀਕਾਪਟਰ ਹਾਦਸੇ ’ਚ ਸੀਡੀਐੱਸ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਅਤੇ 12 ਹੋਰ ਫ਼ੌਜੀ ਅਧਿਕਾਰੀ ਹਲਾਕ ਹੋ ਗਏ ਸਨ। -ਪੀਟੀਆਈ