ਅਗਰਤਲਾ, 5 ਨਵੰਬਰ
ਤ੍ਰਿਪੁਰਾ ਪੁਲੀਸ ਨੇ ਸੁਪਰੀਮ ਕੋਰਟ ਦੇ ਵਕੀਲਾਂ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ’ਤੇ ਕਥਿਤ ਤੌਰ ਉਤੇ ਆਪਣੇ ਸੋਸ਼ਲ ਮੀਡੀਆ ਰਾਹੀਂ ਫ਼ਿਰਕੂ ਤਣਾਅ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਤ੍ਰਿਪੁਰਾ ’ਚ ਹੋਈ ਹਿੰਸਾ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵਕੀਲਾਂ ਨੂੰ ਦਸ ਨਵੰਬਰ ਤੱਕ ਪੁੱਛਗਿੱਛ ਲਈ ਐੱਸਪੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੱਛਮੀ ਤ੍ਰਿਪੁਰਾ ਡਿਸਟ੍ਰਿਕਟ ਦੇ ਐੱਸਪੀ ਮਾਨਿਕ ਦਾਸ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵਕੀਲਾਂ ਦਾ ਇਕ ਗਰੁੱਪ ਪਿਛਲੇ ਮੰਗਲਵਾਰ ਤ੍ਰਿਪੁਰਾ ਆਇਆ ਸੀ ਤੇ ਉਨ੍ਹਾਂ ਦੇ ਦੌਰੇ ਮਗਰੋਂ ਸੋਸ਼ਲ ਮੀਡੀਆ ’ਤੇ ਕਈ ਪੋਸਟਾਂ ਨਜ਼ਰ ਆਈਆਂ ਜਿਨ੍ਹਾਂ ’ਚ ਫ਼ਿਰਕੂ ਘਟਨਾਵਾਂ ਬਾਰੇ ਉਨ੍ਹਾਂ ਪੋਸਟ ਕੀਤਾ ਸੀ। ਪੁਲੀਸ ਨੇ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਹ ਜਾਣਨਾ ਚਾਹੁੰਦੇ ਹਨ ਪੋਸਟਾਂ ਉਨ੍ਹਾਂ ਹੀ ਕੀਤੀਆਂ ਹਨ ਜਾਂ ਫ਼ਰਜ਼ੀ ਸਨ। ਇਹ ਵਕੀਲ ਤਿੰਨ ਸੰਗਠਨਾਂ ਨਾਲ ਜੁੜੇ ਹੋਏ ਹਨ। ਪੁਲੀਸ ਨੇ ਅਸਤੇਸ਼ਮ ਹਾਸ਼ਮੀ, ਅਮਿਤ ਸ੍ਰੀਵਾਸਤਵ, ਅੰਸਾਰ ਇੰਦੌਰੀ ਤੇ ਮੁਕੇਸ਼ ਕੁਮਾਰ ਨੂੰ ਨੋਟਿਸ ਭੇਜੇ ਹਨ। ਉਨ੍ਹਾਂ ਆਪਣੀਆਂ ਪੋਸਟਾਂ ਵਿਚ ਦਾਅਵਾ ਕੀਤਾ ਸੀ ਕਿ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਔਰਤਾਂ ’ਤੇ ਵੀ ਹਮਲੇ ਹੋਏ ਹਨ ਅਤੇ ਇਕ ਮਸਜਿਦ ਦੀ ਭੰਨ੍ਹ-ਤੋੜ ਕੀਤੀ ਗਈ। ਵਕੀਲਾਂ ਦੀ ਟੀਮ ਨੇ ਇਸ ਮਾਮਲੇ ਵਿਚ ਢੁੱਕਵੀਂ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਹਮਲਾਵਰਾਂ, ਅਫ਼ਵਾਹਾਂ ਫੈਲਾਉਣ ਵਾਲਿਆਂ ਤੇ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਹਮਲਿਆਂ ਦੌਰਾਨ ਕੋਈ ਕਦਮ ਨਹੀਂ ਚੁੱਕਿਆ। -ਪੀਟੀਆਈ