ਅਗਰਤਾਲਾ, 21 ਅਗਸਤ
ਤ੍ਰਿਪੁਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਪੀਜੂਸ਼ ਕਾਂਤੀ ਬਿਸਵਾਸ ਨੇ ਅੱਜ ਪਾਰਟੀ ਛੱਡ ਦਿੱਤੀ ਅਤੇ ਸਿਆਸਤ ਤੋਂ ਸੇਵਾਮੁਕਤੀ ਲੈਣ ਦਾ ਐਲਾਨ ਕਰ ਦਿੱਤਾ। ਬਜ਼ੁਰਗ ਆਗੂ ਨੇ ਕਿਹਾ ਕਿ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਟਵਿੱਟਰ ’ਤੇ ਲਿਖਿਆ,‘ਮੈਂ ਸਾਰੇ ਕਾਂਗਰਸ ਆਗੂਆਂ ਤੇ ਹਮਾਇਤੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੇ ਟੀਪੀਸੀਸੀ ਪ੍ਰਧਾਨ ਦੇ ਕਾਰਜਕਾਲ ਦੌਰਾਨ ਮੇਰਾ ਸਹਿਯੋਗ ਦਿੱਤਾ। ਅੱਜ ਮੈਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਨਾਲ ਹੀ ਸਿਆਸਤ ਤੋਂ ਵੀ ਸੰਨਿਆਸ ਲੈ ਲਿਆ ਹੈ। ਮੈਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੀ ਦਾ ਧੰਨਵਾਦ ਕਰਦਾ ਹਾਂ।’ ਬਿਸਵਾਸ ਨੇ ਦੱਸਿਆ ਕਿ ਉਨ੍ਹਾਂ ਆਪਣਾ ਅਸਤੀਫ਼ਾ ਕੁੱਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। -ਪੀਟੀਆਈ