ਨਵੀਂ ਦਿੱਲੀ: ਭਾਜਪਾ ਨੇਤਾ ਮਾਨਿਕ ਸਾਹਾ ਦੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਣਨ ਮਗਰੋਂ ਖਾਲੀ ਹੋਈ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ 22 ਸਤੰਬਰ ਨੂੰ ਹੋਵੇਗੀ। ਇਹ ਜਾਣਕਾਰੀ ਅੱਜ ਚੋਣ ਕਮਿਸ਼ਨ ਨੇ ਦਿੱਤੀ। ਮਾਨਿਕ ਸਾਹਾ ਤ੍ਰਿਪੁਰਾ ਤੋਂ ਸੰਸਦ ਮੈਂਬਰ ਸਨ। ਸ੍ਰੀ ਸਾਹਾ ਨੇ ਲੰਘੀ 4 ਜੁਲਾਈ ਨੂੰ ਰਾਜ ਸਭਾ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਉਨ੍ਹਾਂ ਦਾ ਮੈਂਬਰ ਵਜੋਂ ਛੇ ਵਰ੍ਹਿਆਂ ਕਾਰਜਕਾਲ 2 ਅਪਰੈਲ 2028 ਨੂੰ ਖਤਮ ਹੋਣਾ ਸੀ। ਚੋਣ ਪੈਨਲ ਨੇ ਕਿਹਾ ਕਿ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ 5 ਸਤੰਬਰ ਨੂੰ ਜਾਰੀ ਹੋਵੇਗਾ। ਵੋਟਾਂ 22 ਸਤੰਬਰ ਨੂੰ ਪੈਣਗੀਆਂ। -ਪੀਟੀਆਈ