ਅਗਰਤਲਾ, 31 ਅਕਤੂਬਰ
ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਏਆਈਟੀਸੀ) ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਤ੍ਰਿਪੁਰਾ ਵਿੱਚ 2023 ਦੀਆਂ ਅਸੈਂਬਲੀ ਚੋਣਾਂ ਵਿੱਚ ਸਰਕਾਰ ਬਣਾਏਗੀ। ਬੈਨਰਜੀ ਨੇ ਕਥਿਤ ‘ਭਾਜਪਾ ਦੇ ਕੁਸ਼ਾਸਨ’ ਨੂੰ ਖ਼ਤਮ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਟੀਐੱਮਸੀ ਉੱਤਰ ਪੂਰਬੀ ਰਾਜ ਵਿੱਚ ਵਿਕਾਸ ਕੰਮਾਂ ਨੂੰ ਸਿਰੇ ਚਾੜ੍ਹਨ ਲਈ ਪੱਛਮੀ ਬੰਗਾਲ ਦੇ ‘ਸੁਸ਼ਾਸਨ’ ਵਾਲੇ ਮਾਡਲ ਦੀ ਹੀ ਤਾਮੀਲ ਕਰੇਗੀ।
ਇਥੇ ਰਾਬਿੰਦਰਾ ਸ਼ਤਾਬਦੀ ਭਵਨ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਤ੍ਰਿਪੁਰਾ ਵਿੱਚ ਜਦੋਂ ਦੀ ਭਾਜਪਾ ਸਰਕਾਰ ਆਈ ਹੈ, ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਕਥਿਤ ਗਰਕ ਚੁੱਕੀ ਹੈ ਤੇ ਵਿਕਾਸ ਕੰਮ ਬੰਦ ਪਏ ਹਨ। ਬੈਨਰਜੀ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਵੱਲੋਂ ਹੁਣ ਤੱਕ ਕੀਤੇ ਗਏ ਵਾਅਦੇ ਮਹਿਜ਼ ‘ਜੁਮਲੇ’ ਹਨ ਕਿਉਂਕਿ ਭਾਜਪਾ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸੱਤਾ ਵਿੱਚ ਹੈ ਤੇ ਇਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਹੋਇਆ। -ਪੀਟੀਆਈ