ਕੋਲਕਾਤਾ, 27 ਫਰਵਰੀ
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਮੁੜ ਵਾਪਸੀ ਦੀ ਭਰੋਸਾ ਜਤਾਉਂਦਿਆਂ ਅੱਜ ਕਿਹਾ ਕਿ ਸੂਬੇ ਦੇ ਲੋਕ ਆਪਣੀ ਅਸਲੀ ਨੇਤਾ ਨੂੰ ਸੱਤਾ ’ਚ ਵਾਪਸ ਲਿਆਉਣ ਦਾ ਮਨ ਬਣਾ ਚੁੱਕੇ ਹਨ। ਕਿਸ਼ੋਰ, ਜਿਸ ਦੀ ਟੀਮ ਆਈ-ਪੀਏਸੀ ਤ੍ਰਿਣਮੂਲ ਕਾਂਗਰਸ ਲਈ ਚੋਣ ਮੁਹਿੰਮ ਦੀ ਯੋਜਨਾ ਬਣਾ ਰਹੀ ਹੈ, ਨੇ ਸੱਜਰੇ ਟਵੀਟ ’ਚ ਕਿਹਾ ਕਿ ਦੇਸ਼ ’ਚ ਜਮਹੂਰੀਅਤ ਲਈ ਇੱਕ ਮੁੱਖ ਲੜਾਈ ਪੱਛਮੀ ਬੰਗਾਲ ’ਚ ਲੜੀ ਜਾਵੇਗੀ। ਉਨ੍ਹਾਂ ਕਿਹਾ ਸੂਬੇ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਵਾਪਸ ਸੱਤਾ ਵਿੱਚ ਆਵੇ ਅਤੇ ਦੋ ਮਈ ਨੂੰ ਨਤੀਜਿਆਂ ਦੇ ਐਲਾਨ ਨਾਲ ਲੋਕ ਇਸ ਟਵੀਟ ਨੂੰ ਦੁਬਾਰਾ ਕੱਢ ਕੇ ਦੇਖ ਸਕਦੇ ਹਨ। ਭਾਜਪਾ ਨੇ ਕਿਹਾ ਕਿ ਪ੍ਰਸ਼ਾਂਤ ਨੂੰ ਬੰਗਾਲ ਦੀ ਜ਼ਮੀਨੀ ਸਚਾਈ ਦਾ ਪਤਾ ਨਹੀਂ ਹੈ। -ਪੀਟੀਆਈ
ਟੀਐੱਮਸੀ ਨੂੰ 156 ਤੇ ਭਾਜਪਾ ਨੂੰ 100 ਸੀਟਾਂ ਮਿਲਣ ਦਾ ਦਾਅਵਾ
ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਅਤੇ ਭਾਜਪਾ ਵਿਚਾਲੇ ਜਿਥੇ ਸਿੱਧਾ ਮੁਕਾਬਲਾ ਹੈ, ਉਥੇ 27 ਮਾਰਚ ਤੋਂ ਅੱਠ ਗੇੜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਟੀਐੱਮਸੀ ਨੂੰ 294 ਵਿੱਚੋਂ 156 ਸੀਟਾਂ ਅਤੇ ਭਾਜਪਾ ਨੂੰ 100 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵਾ ਆਈਏਐੱਨਐੱਸ ਸੀ ਵੋਟਰ ਦੇ ਸਰਵੇ ਵਿੱਚ ਕੀਤਾ ਗਿਆ ਹੈ। ਸਰਵੇ ਅਨੁਸਾਰ, ਵਿਧਾਨ ਸਭਾ ਚੋਣਾਂ 2016 ਦੇ ਮੁਕਾਬਲੇ ਟੀਐੱਮਸੀ ਨੂੰ 55 ਸੀਟਾਂ ’ਤੇ ਨੁਕਸਾਨ ਝੱਲਣਾ ਪੈ ਸਕਦਾ ਹੈ, ਜਦੋਂਕਿ ਭਾਜਪਾ ਤੀਜੇ ਅੰਕ ਤੱਕ ਪਹੁੰਚ ਸਕਦੀ ਹੈ। ਸਰਵੇ ਵਿੱਚ ਖੱਬੇ ਪੱਖੀ-ਕਾਂਗਰਸ ਗੱਠਜੋੜ ਨੂੰ 35 ਸੀਟਾਂ ਦਿੱਤੀਆਂ ਗਈਆਂ ਹਨ। -ਆਈਏਐੱਨਐੱਸ