ਨਵੀਂ ਦਿੱਲੀ, 14 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਪੰਡਤ ਨਹਿਰੂ ਦਾ ਜਨਮ 14 ਨਵੰਬਰ 1889 ਵਿੱਚ ਹੋਇਆ ਸੀ ਅਤੇ ਉਹ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘ਪੰਡਤ ਜਵਾਹਰ ਲਾਲ ਨਹਿਰੂ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ।’ ਇਸ ਦੌਰਾਨ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਸ਼ਾਂਤੀ ਵਨ ਜਾ ਕੇ ਪੰਡਤ ਨਹਿਰੂ ਦੀ ਸਮਾਧੀ ’ਤੇ ਨਮਨ ਕੀਤਾ। ਇਸ ਮੌਕੇ ਕਾਂਗਰਸ ਦੇ ਕਈ ਨੇਤਾ ਹਾਜ਼ਰ ਸਨ। ਇਸ ਦੇ ਨਾਲ ਕਾਂਗਰਸ ਪ੍ਰਧਾਨ ਤੇ ਹੋਰ ਨੇਤਾਵਾਂ ਨੇ ਸੰਸਦ ਭਵਨ ਹਾਲ ਵਿੱਚ ਪੰਡਤ ਨਹਿਰੂ ਦੇ ਲੱਗੇ ਚਿੱਤਰ ਅੱਗੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ।