ਨਵੀਂ ਦਿੱਲੀ, 25 ਦਸੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮੇਤ ਅੱਜ ਵੱਖ ਵੱਖ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ 96ਵੇਂ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਸਬੰਧੀ ਸਮਾਗਮ ਅੱਜ ਸੰਸਦ ਦੇ ਕੇਂਦਰੀ ਹਾਲ ’ਚ ਕਰਵਾਇਆ ਗਿਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀਆਂ ਅਤੇ ਹੋਰ ਸੰਸਦ ਮੈਂਬਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ਇੱਕ ਪੁਸਤਕ ‘ਅਟਲ ਬਿਹਾਰੀ ਵਾਜਪਾਈ: ਏ ਕੋਮੈਮੋਰੇਟਿਵ ਵੌਲਿਊਮ’ ਵੀ ਰਿਲੀਜ਼ ਕੀਤੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵਾਜਪਾਈ ਨੂੰ ਉਨ੍ਹਾਂ ਦੀ ਯਾਦਗਾਰ ‘ਸਦੈਵ ਅਟਲ’ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਪ੍ਰਾਰਥਨਾ ਸਭਾ ’ਚ ਪ੍ਰਧਾਨ ਮੰਤਰੀ ਤੇ ਹੋਰ ਸਿਆਸੀ ਆਗੂ ਵੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਵਾਜਪਾਈ ਦੀ ਦੂਰਦਰਸ਼ੀ ਅਗਵਾਈ ਨੇ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਕਿਹਾ, ‘ਅਟਲ ਜੀ ਦੀ ਵੱਡੀ ਸ਼ਖ਼ਸੀਅਤ, ਭਾਸ਼ਣ ਕਲਾ ਤੇ ਉਨ੍ਹਾਂ ਵੱਲੋਂ ਸਥਾਪਤ ਮਰਿਆਦਾਵਾਂ ਨੂੰ ਯਾਦ ਕਰਦਾਂ ਹਾਂ। ਮੈਂ ਉਨ੍ਹਾਂ ਦੀ ਪਵਿੱਤਰ ਯਾਦ ਨੂੰ ਨਮਨ ਕਰਦਾ ਹਾਂ।’ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘ਅਟਲ ਜੀ ਦੇ ਵਿਚਾਰ ਤੇ ਦੇਸ਼ ਦੀ ਤਰੱਕੀ ਲਈ ਉਨ੍ਹਾਂ ਦਾ ਸਮਰਪਣ ਸਾਨੂੰ ਹਮੇਸ਼ਾ ਦੇਸ਼ ਦੀ ਸੇਵਾ ਲਈ ਸ਼ਕਤੀ ਦਿੰਦੇ ਰਹਿਣਗੇ।’ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਯਾਦ ਕੀਤਾ। ਇਸੇ ਤਰ੍ਹਾਂ ਮੱਧ ਪ੍ਰਦੇਸ਼ ’ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਦੇ ਸ਼ੌਰਿਆ ਸਮਾਰਕ ਨੇੜੇ ਵਾਜਪਾਈ ਦੇ ਬੁੱਤ ਤੋਂ ਪਰਦਾ ਹਟਾਇਆ।
-ਪੀਟੀਆਈ