ਨਵੀਂ ਦਿੱਲੀ, 31 ਅਕਤੂਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ-ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇੱਥੇ ਪਟੇਲ ਚੌਕ ਵਿੱਚ ਸਥਿਤ ਸਰਦਾਰ ਪਟੇਲ ਦੀ ਮੂਰਤੀ ਅੱਗੇ ਸਾਰਿਆਂ ਨੇ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਨੂੰ ਸਿਜਦਾ ਕੀਤਾ। ਸ੍ਰੀ ਸ਼ਾਹ ਨੇ ਹਿੰਦੀ ’ਚ ਕੀਤੇ ਟਵੀਟਾਂ ਰਾਹੀਂ ਕਿਹਾ,‘ਮੁਲਕ ਦੇ ਪਹਿਲੇ ਗ੍ਰਹਿ ਮੰਤਰੀ ਕੌਮੀ ਏਕਤਾ ਦੀ ਮਿਸਾਲ ਹਨ ਅਤੇ ਹਰ ਭਾਰਤੀ ਦੇ ਦਿਲ ’ਚ ਵਸਦੇ ਹਨ। ਦੇਸ਼ ਉਨ੍ਹਾਂ ਦੇ ਮਹਾਨ ਯੋਗਦਾਨ, ਫ਼ੈਸਲਾਕੁੰਨ ਅਗਵਾਈ ਅਤੇ ਆਪਣੀ ਮਾਂ ਭੂਮੀ ਪ੍ਰਤੀ ਪ੍ਰਤੀਬੱਧਤਾ ਨੂੰ ਕਦੇ ਨਹੀਂ ਭੁੱਲ ਸਕਦਾ।’ ਇਸ ਮੌਕੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਅਤੇ ਐੱਮਪੀ ਮੀਨਾਕਸ਼ੀ ਲੇਖੀ ਵੀ ਹਾਜ਼ਰ ਸਨ।
ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਹੋਰ ਆਗੂਆਂ ਨੇ ਅੱਜ ਵਾਲਮੀਕਿ ਜੈਅੰਤੀ ਦੀ ਵਧਾਈ ਦਿੱਤੀ। ਰਾਸ਼ਟਰਪਤੀ ਕੋਵਿੰਦ ਨੇ ਹਿੰਦੀ ’ਚ ਟਵੀਟ ਕਰਦਿਆਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਨੇ ਆਪਣੇ ਕੰਮ ਰਾਹੀਂ ਸਮਾਜਿਕ ਸਦਭਾਵਨਾ, ਨਿਆਂ ਅਤੇ ਚੰਗਿਆਈ ਦੇ ਆਦਰਸ਼ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਸਿੱਖਿਆਵਾਂ ਸਾਡੇ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਰਹਿਣਗੀਆਂ। ਭਾਜਪਾ ਪ੍ਰਧਾਨ ਜੇ ਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੌਕੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਲੋਕਾਂ ਨੂੰ ਵਾਲਮੀਕਿ ਜੈਅੰਤੀ ਦੀਆਂ ਵਧਾਈਆਂ ਦਿੱਤੀਆਂ। -ਪੀਟੀਆਈ