ਨਵੀਂ ਦਿੱਲੀ, 11 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਦਾਨ ਲਹਿਰ ਦੇ ਮੋਢੀ ਵਿਨੋਬਾ ਭਾਵੇ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ੍ਰੀ ਭਾਵੇ ਦਾ ਜੀਵਨ ਗਾਂਧੀਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਉਨ੍ਹਾਂ 11 ਸਤੰਬਰ ਦਾ ਸਵਾਮੀ ਵਿਵੇਕਾਨੰਦ ਨਾਲ ਖਾਸ ਸਬੰਧ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ 1893 ਵਿੱਚ ਇਸੇ ਦਿਨ ਸ਼ਿਕਾਗੋ ਵਿੱਚ ਇਤਿਹਾਸਕ ਭਾਸ਼ਣ ਦਿੱਤਾ ਸੀ। ਮੋਦੀ ਨੇ ਟਵਿੱਟਰ ’ਤੇ ਉਹ ਭਾਸ਼ਣ ਸਾਂਝਾ ਕਰਦਿਆਂ ਕਿਹਾ, ‘‘1892 ਵਿੱਚ ਅੱਜ ਦੇ ਦਿਨ ਉਨ੍ਹਾਂ ਸ਼ਿਕਾਗੋ ਵਿੱਚ ਸ਼ਾਨਦਾਰ ਭਾਸ਼ਣ ਦਿੱਤਾ ਸੀ। ਉਨ੍ਹਾਂ ਦੇ ਭਾਸ਼ਣ ਨੇ ਦੁਨੀਆ ਨੂੰ ਭਾਰਤ ਦੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਦੀ ਝਲਕ ਦਿਖਾਈ ਸੀ।’’ ਪ੍ਰਧਾਨ ਮੰਤਰੀ ਨੇ 1895 ਵਿੱਚ ਜਨਮੇ ਸ੍ਰੀ ਭਾਵੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘‘ਉਨ੍ਹਾਂ ਦਾ ਜੀਵਨ ਗਾਂਧੀਵਾਦੀ ਵਿਚਾਰਾਧਾਰਾ ਤੋਂ ਪ੍ਰਭਾਵਿਤ ਸੀ। ਉਹ ਸਮਾਜਿਕ ਸਸ਼ਕਤੀਕਰਨ ਲਈ ਜਨੂੰਨੀ ਸਨ ਅਤੇ ਉਨ੍ਹਾਂ ‘ਜੈ ਜਗਤ’ ਦਾ ਨਾਅਰਾ ਦਿੱਤਾ।’’ -ਪੀਟੀਆਈ