ਮੁੰਬਈ: ਬੰਬੇ ਹਾਈ ਕੋਰਟ ਨੇ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਦੀ ਦੇਸ਼ਧ੍ਰੋਹ ਤੇ ਹੋਰ ਮਾਮਲਿਆਂ ਵਿਚ ਗ੍ਰਿਫ਼ਤਾਰੀ ’ਤੇ ਅੰਤ੍ਰਿਮ ਰੋਕ ਲਾ ਦਿੱਤੀ ਹੈ। ਦੋਵਾਂ ਨੂੰ ਹਾਲਾਂਕਿ ਅੱਠ ਜਨਵਰੀ ਨੂੰ ਮੁੰਬਈ ਪੁਲੀਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਕੰਗਨਾ ਤੇ ਰੰਗੋਲੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ ਤੇ ਸੋਸ਼ਲ ਮੀਡੀਆ ਪੋਸਟ ਰਾਹੀਂ ‘ਨਫ਼ਰਤ ਤੇ ਫ਼ਿਰਕੂ ਤਣਾਅ’ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਤੇ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਸੀ। ਰਣੌਤ ਤੇ ਚੰਦੇਲ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਦੋਵੇਂ ਬਾਂਦਰਾ ਪੁਲੀਸ ਅੱਗੇ 8 ਜਨਵਰੀ ਨੂੰ ਪੇਸ਼ ਹੋ ਜਾਣਗੀਆਂ। ਹਾਈ ਕੋਰਟ ਨੇ ਵਕੀਲ ਦੀ ਅਪੀਲ ਸਵੀਕਾਰ ਕਰ ਲਈ। ਅਦਾਲਤ ਨੇ ਇਹ ਵੀ ਪੁੱਛਿਆ ਕਿ ਦੋਵਾਂ ’ਤੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਕਿਉਂ ਲਾਈਆਂ ਗਈਆਂ ਹਨ? ਕੇਸ ਉਤੇ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ। -ਪੀਟੀਆਈ