ਨਵੀਂ ਦਿੱਲੀ, 11 ਅਕਤੂਬਰ
ਵੱਖ ਵੱਖ ਹਾਈ ਕੋਰਟਾਂ ’ਚ ਅੱਜ ਸੱਤ ਹੋਰ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਪਿਛਲੇ ਇਕ ਹਫ਼ਤੇ ’ਚ ਹਾਈ ਕੋਰਟ ਦੇ ਜੱਜਾਂ ਦੇ ਇਹ ਦੂਜੀ ਵਾਰ ਤਬਾਦਲੇ ਕੀਤੇ ਗਏ ਹਨ। ਪਹਿਲਾਂ 5 ਅਕਤੂਬਰ ਨੂੰ 11 ਹਾਈ ਕੋਰਟ ਦੇ 15 ਜੱਜ ਬਦਲੇ ਗਏ ਸਨ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਪਿਛਲੇ ਮਹੀਨੇ ਜੱਜਾਂ ਦੇ ਤਬਾਦਲਿਆਂ ਦੀ ਸਿਫ਼ਾਰਿਸ਼ ਕੀਤੀ ਸੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜਨ ਗੁਪਤਾ ਨੂੰ ਪਟਨਾ ਹਾਈ ਕੋਰਟ ਭੇਜਿਆ ਗਿਆ ਹੈ ਜਦਕਿ ਜਸਟਿਸ ਟੀ ਐੱਸ ਸਿਵਆਗਨਮ ਨੂੰ ਮਦਰਾਸ ਹਾਈ ਕੋਰਟ ਤੋਂ ਕਲਕੱਤਾ ਹਾਈ ਕੋਰਟ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ’ਚ ਤਬਦੀਲ ਕੀਤਾ ਗਿਆ ਹੈ। ਕਰਨਾਟਕ ਹਾਈ ਕੋਰਟ ਦੇ ਪੀ ਬੀ ਬਜੰਤਰੀ ਨੂੰ ਪਟਨਾ ਹਾਈ ਕੋਰਟ, ਰਾਜਸਥਾਨ ਹਾਈ ਕੋਰਟ ਦੇ ਸੰਜੀਵ ਪ੍ਰਕਾਸ਼ ਸ਼ਰਮਾ ਨੂੰ ਪਟਨਾ ਹਾਈ ਕੋਰਟ, ਤਿਲੰਗਾਨਾ ਹਾਈ ਕੋਰਟ ਦੇ ਜਸਟਿਸ ਟੀ ਅਮਰਨਾਥ ਗੌੜ ਨੂੰ ਤ੍ਰਿਪੁਰਾ ਹਾਈ ਕੋਰਟ ਅਤੇ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਸੁਭਾਸ਼ ਚੰਦ ਨੂੰ ਝਾਰਖੰਡ ਹਾਈ ਕੋਰਟ ਬਦਲਿਆ ਗਿਆ ਹੈ। ਨਵੇਂ ਤਬਾਦਲਿਆਂ ’ਚ ਪਟਨਾ ਹਾਈ ਕੋਰਟ ਨੂੰ ਤਿੰਨ ਨਵੇਂ ਜੱਜ ਮਿਲੇ ਹਨ। -ਪੀਟੀਆਈ