ਨਵੀਂ ਦਿੱਲੀ, 11 ਅਕਤੂਬਰ
ਵੱਖ-ਵੱਖ ਹਾਈ ਕੋਰਟਾਂ ਦੇ ਸੱਤ ਜੱਜਾਂ ਦੇ ਅੱਜ ਤਬਾਦਲੇ ਕੀਤੇ ਗਏ ਹਨ। ਪਿਛਲੇ ਇਕ ਹਫ਼ਤੇ ਵਿਚ ਇਹ ਦੂਜੀ ਵਾਰ ਹੈ ਜਦੋਂ ਹਾਈ ਕੋਰਟ ਦੇ ਜੱਜਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ 11 ਹਾਈ ਕੋਰਟਾਂ ਦੇ 15 ਜੱਜਾਂ ਦੇ ਤਬਾਦਲੇ ਕੀਤੇ ਗਏ ਸਨ। ਇਨ੍ਹਾਂ ਤਬਾਦਲਿਆਂ ਦੀ ਸਿਫ਼ਾਰਿਸ਼ ਹਾਈ ਕੋਰਟ ਦੇ ਕੌਲਿਜੀਅਮ ਨੇ ਪਿਛਲੇ ਮਹੀਨੇ ਕੀਤੀ ਸੀ। ਕਾਨੂੰਨ ਮੰਤਰਾਲੇ ਦੇ ਕਾਨੂੰਨ ਵਿਭਾਗ ਨੇ ਤਬਾਦਲਿਆਂ ਦੀ ਸੂਚੀ ਸਾਂਝੀ ਕੀਤੀ ਹੈ, ਜਿਸ ਤਹਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਨੂੰ ਪਟਨਾ ਹਾਈ ਕੋਰਟ ਭੇਜਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ, ਜਸਟਿਸ ਟੀ.ਐੱਸ. ਸ਼ਿਵਾਗਨਾਨਮ ਨੂੰ ਮੱਦਰਾਸ ਹਾਈ ਕੋਰਟ ਤੋਂ ਕੋਲਕਾਤਾ, ਕਰਨਾਟਕ ਹਾਈ ਕੋਰਟ ਦੇ ਜਸਟਿਸ ਪੀ.ਬੀ. ਬੈਜੰਤਰੀ ਅਤੇ ਰਾਜਸਥਾਨ ਹਾਈ ਕੋਰਟ ਜੱਜ ਸੰਜੀਵ ਪ੍ਰਕਾਸ਼ ਸ਼ਰਮਾ ਨੂੰ ਪਟਨਾ, ਤੇਲੰਗਾਨਾ ਹਾਈ ਕੋਰਟ ਦੇ ਜੱਜ ਟੀ. ਅਮਰਨਾਥ ਗੌੜ ਦਾ ਤਬਾਦਲਾ ਤ੍ਰਿਪੁਰਾ ਹਾਈ ਕੋਰਟ ਅਤੇ ਇਲਾਹਾਬਾਦ ਦੇ ਜੱਜ ਸੁਭਾਸ਼ ਚੰਦਰ ਦਾ ਤਬਾਦਲ ਝਾਰਖੰਡ ਹਾਈ ਕੋਰਟ ਵਿਚ ਕੀਤਾ ਗਿਆ ਹੈ। -ਪੀਟੀਆਈ