ਜੰਮੂ, 2 ਅਗਸਤ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਇਤਿਹਾਸਕ ਮੁਗਲ ਰੋਡ ’ਤੇ ਜ਼ਮੀਨ ਖਿਸਕਣ ਕਾਰਨ ਅੱਜ ਸੜਕੀ ਆਵਾਜਾਈ ਠੱਪ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਨਾਲ ਜੋੜਨ ਵਾਲੀ ਇਹ ਸੜਕ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਦਾ ਬਦਲਵਾਂ ਰਸਤਾ ਹੈ। ਉਨ੍ਹਾਂ ਦੱਸਿਆ ਕਿ ਪੋਸ਼ਾਨਾ ਖੇਤਰ ਵਿੱਚ ਭਾਰੀ ਮੀਂਹ ਤੋਂ ਬਾਅਦ ਢਿੱਗਾਂ ਡਿੱਗਣ ਕਾਰਨ ਮੁਗਲ ਰੋਡ ਬੰਦ ਹੋ ਗਈ। ਸੜਕ ਤੋਂ ਮਲਬਾ ਹਟਾਉਣ ਦਾ ਕਾਰਜ ਜਾਰੀ ਹੈ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਜੰਮੂ ਤੇ ਸ੍ਰੀਨਗਰ ਦੇ ਟਰੈਫਿਕ ਯੂਨਿਟਾਂ ਤੋਂ ਮੁਗਲ ਰੋਡ ਦੀ ਸਥਿਤੀ ਬਾਰੇ ਪਤਾ ਕਰ ਲੈਣ। -ਪੀਟੀਆਈ