ਗੰਗਟੋਕ: ਸਿੱਕਮ ਵਿੱਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਕਈ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਸੂਬਾ ਸਰਕਾਰ ਨੇ ਲੋਕਾਂ ਨੂੰ ਸਿਰਫ਼ ਜ਼ਰੂੁਰੀ ਕੰਮ ਲਈ ਹੀ ਸਫ਼ਰ ਕਰਨ ਦੀ ਹਦਾਇਤ ਕੀਤੀ ਹੈ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰਬੀ ਸਿੱਕਮ ਵਿੱਚ ਸਿੰਗਤਮ ਅਤੇ ਰੰਗਪੋ ਵਿਚਾਲੇ ਕਰੀਬ 20 ਮੀਲ ਖੇਤਰ ਵਿੱਚ ਢਿੱਗਾਂ ਡਿੱਗੀਆਂ, ਜਿਸ ਕਾਰਨ ਕੌਮੀ ਮਾਰਗ 20 ਪੂਰੀ ਤਰ੍ਹਾਂ ਜਾਮ ਹੋ ਗਿਆ। ਇਸੇ ਤਰ੍ਹਾਂ ਪਾਕਯੌਂਗ ਤੇ ਪਾਨਦਾਮ ਵਿੱਚ ਵੀ ਢਿੱਗਾਂ ਡਿੱਗਣ ਕਾਰਨ ਕਈ ਰਸਤਿਆਂ ’ਤੇ ਆਵਾਜਾਈ ਬੰਦ ਹੋ ਗਈ ਹੈ। ਇਸ ਤੋਂ ਪਹਿਲਾਂ ਭਾਰਤੀ ਫ਼ੌਜ ਨੇ ਉੱਤਰੀ ਸਿੱਕਮ ਦੀ ਯੁਮਥਾਂਗ ਘਾਟੀ ਵਿੱਚ ਬੀਤੇ ਦਿਨ ਢਿੱਗਾਂ ਡਿੱਗਣ ਕਾਰਨ ਮਹਿਲਾਵਾਂ ਤੇ ਬੱਚਿਆਂ ਸਣੇ ਫਸੇ 74 ਸੈਲਾਨੀਆਂ ਨੂੰ ਸੁਰੱਖਿਅਤ ਕੱਢ ਲਿਆ ਹੈ। -ਪੀਟੀਆਈ