ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਕਤੂਬਰ
ਸੈਂਟਰਲ ਟਰੇਡ ਯੂਨੀਅਨਾਂ, ਸੁਤੰਤਰ ਸਗਠਨਾਂ ਅਤੇ ਐਸੋਸੀਏਸ਼ਨਾਂ ਨੇ ਸਾਂਝੇ ਤੌਰ ’ਤੇ ਸਰਕਾਰ ਵੱਲੋਂ ਕੀਤੀ ਗਈ ਏਅਰ ਇੰਡੀਆ ਦੀ ਵਿਕਰੀ ਦੀ ਨਿਖੇਧੀ ਕੀਤੀ ਹੈ। ਟਰੇਡ ਯੂਨੀਅਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਦਹਾਕਿਆਂ ਤੋਂ ਇਸ ਏਅਰਲਾਈਨ ਨੂੰ ਕਾਇਮ ਰੱਖਣ ਵਿੱਚ ਅਤੇ ਹੁਣ ਦੇ ਮੁਕਾਮ ’ਤੇ ਲਿਆਉਣ ਵਿੱਚ ਹੋਏ ਖਰਚੇ ਮਗਰੋਂ ਹੁਣ ਆਜ਼ਾਦੀ ਦੇ 75ਵੇਂ ਵਰ੍ਹੇ ’ਚ ਸਰਕਾਰ ਨੇ ਟਾਟਾ ਨੂੰ ਇਹ ਏਅਰਲਾਈਨ ਤੋਹਫ਼ੇ ਵਜੋਂ ਸਸਤੇ ਭਾਅ ਹੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਏਅਰਲਾਈਨ ਦਾ ਕੌਮੀਕਰਨ 1953 ਵਿੱਚ ਹੋਇਆ ਤੇ ਦੇਸ਼ ਤੇ ਵਿਦੇਸ਼ਾਂ ਵਿੱਚ ਸੰਪਤੀ ਆਧਾਰ, ਹਵਾਈ ਜਹਾਜ਼ਾਂ ਤੇ ਸੰਪਤੀਆਂ ਦੇ ਵਿਸ਼ਾਲ ਬੇੜੇ ਨੂੰ ਵਧਾਉਣ ਲਈ ਕੌਮੀ ਖਜ਼ਾਨੇ ਤੋਂ ਕਈ ਲੱਖ ਕਰੋੜ ਰੁਪਏ ਇਸ ’ਤੇ ਖਰਚੇ ਗਏ। ਉਨ੍ਹਾਂ ਕਿਹਾ ਕਿ ਸਿਰਫ਼ ਸਾਲ 2009-10 ਵਿੱਚ ਹੀ ਸਰਕਾਰ ਨੇ ਏਅਰ ਇੰਡੀਆ ਵਿੱਚ 1,10,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਟਰੇਡ ਯੂਨੀਅਨਾਂ ਨੇ ਇੰਡੀਅਨ ਏਅਰਲਾਈਨਜ਼ ਦੇ ਏਅਰ ਇੰਡੀਆ ਨਾਲ ਏਕੀਕਰਨ ਦੇ ਸਰਕਾਰ ਦੇ ਖੋਖਲੇ ਦਾਅਵਿਆਂ ਦਾ ਵਿਰੋਧ ਕੀਤਾ ਸੀ।