ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 8 ਜੁਲਾਈ
ਉੱਤਰਾਖੰਡ ਦੇ ਮਸੂੂਰੀ ਵਿੱਚ ਸਥਿਤ ਮਸ਼ਹੂਰ ਕੈਂਪਟੀ ਫਾਲ ਦੇ ਝਰਨੇ ਵਿੱਚ ਇਕ ਵਾਰ ਸਿਰਫ 50 ਜਣੇ ਹੀ ਨਹਾ ਸਕਣਗੇ ਤੇ ਉਨ੍ਹਾਂ ਨੂੰ ਸਿਰਫ ਅੱਧੇ ਘੰਟੇ ਦਾ ਸਮਾਂ ਹੀ ਮਿਲੇਗਾ। ਇਸ ਸਬੰਧੀ ਪ੍ਰਸ਼ਾਸਨ ਨੇ ਅੱਜ ਰਾਤ ਵੇਲੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਸੈਂਕੜੇ ਸੈਲਾਨੀ ਕਰੋਨਾ ਨਿਯਮਾਂ ਦੀਆਂ ਧੱਜੀਆਂ ਤਾਂ ਉਡਾ ਹੀ ਰਹੇ ਹਨ ਨਾਲ ਹੀ ਕੋਵਿਡ-19 ਦੀ ਤੀਜੀ ਲਹਿਰ ਨੂੰ ਸੱਦਾ ਦੇ ਰਹੇ ਹਨ। ਉਤਰਾਖੰਡ ਦੀ ਤਰ੍ਹਾਂ ਹਿਮਾਚਲ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਬਹੁਤੇ ਪਹਾੜੀ ਸਟੇਸ਼ਨਾਂ ‘ਤੇ ਸੈਲਾਨੀਆਂ ਦੀ ਭੀੜ ਤੇ ਕੋਵਿਡ ਨਿਯਮਾਂ ਦੀਆਂ ਧੱਜੀਆਂ ਵੱਡੀ ਚਿੰਤਾ ਦੀ ਗੱਲ ਹੈ। ਸ਼ਿਮਲਾ, ਕੁੱਲੂ-ਮਨਾਲੀ, ਕਸੌਲੀ, ਧਰਮਸ਼ਾਲਾ ਅਤੇ ਡਲਹੌਜ਼ੀ ਸੈਲਾਨੀਆਂ ਨਾਲ ਭਰ ਗਏ ਹਨ। ਸੈਲਾਨੀਆਂ ਦੀ ਵੱਡੀ ਗਿਣਤੀ ਅੱਗੇ ਸਰਕਾਰ, ਪ੍ਰਸ਼ਾਸਨ, ਪੁਲੀਸ ਤੇ ਸਥਾਨਕ ਵਾਸੀ ਬੇਵੱਸ ਤੇ ਪ੍ਰੇਸ਼ਾਨ ਹਨ।