ਲਖਨਊ, 24 ਦਸੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਸਾਨ ਹਿੱਤਾਂ ਨੂੰ ਆਪਣੀ ਸਰਕਾਰ ਦੀ ਸਿਖਰਲੀ ਤਰਜੀਹ ਦੱਸਦਿਆਂ ਅੰਨਦਾਤੇ ਨੂੰ 72 ਘੰਟੇ ਅੰਦਰ ਉਸਦੀ ਫਸਲ ਦੀ ਅਦਾਇਗੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਖਰੀਦ ਦੌਰਾਨ ਦਲਾਲਾਂ ਦੀਆਂ ਸਰਗਰਮੀਆਂ ’ਤੇ ਅੱਖ ਰੱਖਣ ਲਈ ਵੀ ਕਿਹਾ। ਮੁੱਖ ਮੰਤਰੀ ਨੇ ਉਪਰੋਕਤ ਟਿੱਪਣੀਆਂ ਝੋਨਾ ਖਰੀਦ ਕੇਂਦਰਾਂ ਦੇ ਕੰਮਕਾਜ ’ਤੇ ਨਜ਼ਰਸਾਨੀ ਲਈ ਸੱਦੀ ਮੀਟਿੰਗ ਦੌਰਾਨ ਕੀਤੀਆਂ।
ਯੋਗੀ ਦੀਆਂ ਇਹ ਹਦਾਇਤਾਂ ਇਸ ਲਈ ਵੀ ਅਹਿਮ ਹਨ ਕਿ ਕਿਉਂਕਿ ਉੱਤਰ ਪ੍ਰਦੇਸ਼ ਸਮੇਤ ਵੱਖ ਵੱਖ ਰਾਜਾਂ ਦੇ ਹਜ਼ਾਰਾਂ ਕਿਸਾਨ ਪਿਛਲੇ ਚਾਰ ਹਫਤਿਆਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਦਿੱਲੀ ਦੀ ਬਰੂਹਾਂ ’ਤੇ ਲਾਏ ਮੋਰਚਿਆਂ ’ਤੇ ਡਟੇ ਹੋਏ ਹਨ। ਯੋਗੀ ਨੇ ਕਿਹਾ ਕਿ ਕੁਝ ਲੋਕ ਝੋਨੇ ਦੀ ਚੱਲ ਰਹੀ ਖਰੀਦ ਵਿੱਚ ਅੜਿੱਕੇ ਡਾਹ ਸਕਦੇ ਹਨ। ਸਰਕਾਰੀ ਤਰਜਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਹਿੱਤਾਂ ਦੀ ਰਾਖੀ ਸੂਬਾ ਸਰਕਾਰ ਦੀ ਸਿਖਰਲੀ ਤਰਜੀਹ ਹੈ ਅਤੇ ਕਿਸੇ ਨੂੰ ਵੀ ਇਨ੍ਹਾਂ ਹਿੱਤਾਂ ਨੂੰ ਢਾਹ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਅੰਨਦਾਤੇ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਜੇਲ੍ਹ ਦਾ ਰਾਹ ਵਿਖਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਮੈਜਿਸਟਰੇਟਾਂ, ਕਮਿਸ਼ਨਰਾਂ ਤੇ ਮੁੱਖ ਵਿਕਾਸ ਅਧਿਕਾਰੀਆਂ ਨੂੰ ਝੋਨਾ ਖਰੀਦ ਕੇਂਦਰਾਂ ਦੀ ਨਿਯਮਤ ਜਾਂਚ ਕਰਨ ਲਈ ਵੀ ਕਿਹਾ।
-ਪੀਟੀਆਈ