ਨਵੀਂ ਦਿੱਲੀ: ਦਿੱਲੀ ਦੀ ਕੋਰਟ ਨੇ ਕਿਸਾਨਾਂ ਦੇ ਅੰਦੋਲਨ ਨਾਲ ਜੁੜੀ ‘ਟੂਲਕਿੱਟ’ ਨੂੰ ਸੋਸ਼ਲ ਮੀਡੀਆ ’ਤੇ ਸਾਂਝਿਆਂ ਕਰਨ ਦੇ ਦੋਸ਼ ’ਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨਾਲ ਸਹਿ-ਮੁਲਜ਼ਮ ਇੰਜਨੀਅਰ ਸ਼ਾਂਤਨੂੰ ਮੁਲਕ ਨੂੰ 9 ਮਾਰਚ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਮੁਲਕ ਨੂੰ ਉਦੋਂ ਰਾਹਤ ਦਿੱਤੀ ਜਦੋਂ ਦਿੱਲੀ ਪੁਲੀਸ ਨੇ ਕਿਹਾ ਕਿ ਉਸ ਨੂੰ ਮੁਲਕ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਦਾ ਤਫ਼ਸੀਲ ’ਚ ਜਵਾਬ ਦਾਖਲ ਕਰਨ ਲਈ ਪੁੱਛ-ਪੜਤਾਲ ਲਈ ਹੋਰ ਸਮਾਂ ਚਾਹੀਦਾ ਹੈ। ਜੱਜ ਨੇ ਇਸ ਹਲਫ਼ਨਾਮੇ ਦਾ ਨੋਟਿਸ ਲੈਂਦਿਆਂ ਦਿੱਲੀ ਪੁਲੀਸ ਨੂੰ ਮੁਲਕ ਖ਼ਿਲਾਫ਼ 9 ਮਾਰਚ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਹਨ। ਮੁਲਕ, ਰਵੀ ਤੇ ਪੇਸ਼ੇ ਵਜੋਂ ਵਕੀਲ ਨਿਕਿਤਾ ਜੈਕਬ ਖ਼ਿਲਾਫ਼ ਦੇਸ਼ਧ੍ਰੋਹ ਤੇ ਹੋਰਨਾਂ ਦੋਸ਼ਾਂ ਤਹਿਤ ਕੇਸ ਦਰਜ ਹੈ। ਬੰਗਲੌਰ ਨਾਲ ਸਬੰਧਤ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਮੰਗਲਵਾਰ ਨੂੰ ਜ਼ਮਾਨਤ ਮਿਲੀ ਸੀ ਜਦੋਂਕਿ ਜੈਕਬ ਪਹਿਲਾਂ ਹੀ ਤਿੰਨ ਹਫ਼ਤਿਆਂ ਦੀ ਟਰਾਂਜ਼ਿਟ ਜ਼ਮਾਨਤ ’ਤੇ ਹੈ।
-ਪੀਟੀਆਈ