ਨਵੀਂ ਦਿੱਲੀ, 18 ਫਰਵਰੀ
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ‘ਟੂਲਕਿੱਟ’ ਨੂੰ ਅੱਗੇ ਸਾਂਝਿਆਂ ਕਰਨ ਦੇ ਮਾਮਲੇ ’ਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਵਾਤਾਵਰਨ ਕਾਰਕੁਨ ਰਵੀ ਦਿਸ਼ਾ ਦੇ ਅੱਜ ਹਾਈ ਕੋਰਟ ਦਾ ਰੁਖ਼ ਕਰਦਿਆਂ ਉਸ ਖ਼ਿਲਾਫ਼ ਦਰਜ ਐੱਫਆਈਆਰ ਦੀ ਜਾਂਚ ਨਾਲ ਜੁੜੀ ਸਮੱਗਰੀ ਨੂੰ ਪੁਲੀਸ ਵੱਲੋਂ ਮੀਡੀਆ ਵਿੱਚ ਲੀਕ ਕੀਤੇ ਜਾਣ ਤੋਂ ਰੋਕਣ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਰਵੀ ਦਿਸ਼ਾ ਦੀ ਪਟੀਸ਼ਨ ’ਤੇ ਦੋ ਮੀਡੀਆ ਸੰਸਥਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਉਧਰ ਦਿੱਲੀ ਪੁਲੀਸ ਨੇ ਆਪਣੇ ਵਕੀਲ ਰਾਹੀਂ ਦਾਅਵਾ ਕੀਤਾ ਹੈ ਕਿ ਉਸ ਨੇ ਅਜਿਹੀ ਕੋਈ ਜਾਣਕਾਰੀ ਮੀਡੀਆ ’ਚ ਲੀਕ ਨਹੀਂ ਕੀਤੀ। ਕੇਸ ’ਤੇ ਸੁਣਵਾਈ ਸ਼ੁੱਕਰਵਾਰ ਨੂੰ ਜਾਰੀ ਰਹੇਗੀ। ਜਸਟਿਸ ਪ੍ਰਤਿਭਾ ਐੱਮ.ਸਿੰਘ ਕੋਲ ਸੂਚੀਬੱਧ ਹੋਈ ਇਸ ਪਟੀਸ਼ਨ ਵਿੱਚ ਵਾਤਾਵਰਨ ਕਾਰਕੁਨ ਨੇ ਵੱਟਸਐਪ ਉਤੇ ਉਹਦੇ ਤੇ ਤੀਜੀ ਧਿਰਾਂ ਦਰਮਿਆਨ ਹੋਈ ਪ੍ਰਾਈਵੇਟ ਚੈਟ ਸਮੇਤ ਚੈਟ ਦੇ ਕਿਸੇ ਵੀ ਅੰਸ਼ ਜਾਂ ਵਿਸ਼ਾ ਵਸਤੂ ਨੂੰ ਮੀਡੀਆ ਵਿੱਚ ਪ੍ਰਕਾਸ਼ਿਤ ਨਾ ਕੀਤੇ ਜਾਣ ਦੀ ਮੰਗ ਕੀਤੀ ਹੈ। ਰਵੀ ਨੇ ਆਪਣੇ ਵਕੀਲ ਰਾਹੀਂ ਦਾਇਰ ਪਟੀਸ਼ਨ ਵਿੱਚ ਕਿਹਾ ਕਿ ਉਹ ਆਪਣੀ ਗ੍ਰਿਫ਼ਤਾਰੀ ਨੂੰ ਲੈ ਕੇ ਮੀਡੀਆ ’ਚ ਚੱਲ ਰਹੇ ਟਰਾਇਲ ਤੋਂ ਬਹੁਤ ਔਖੀ ਤੇ ਇਹ ਕਾਰਵਾਈ ਪੂਰੀ ਤਰ੍ਹਾਂ ਪੱਖਪਾਤੀ ਹੈ। ਵਾਤਾਵਰਨ ਕਾਰਕੁਨ ਨੇ ਕਿਹਾ ਕਿ ਇਸ ਮੀਡੀਆ ਟਰਾਇਲ ’ਚ ਪੁਲੀਸ ਤੇ ਕਈ ਮੀਡੀਆ ਹਾਊਸਾਂ ਵੱਲੋਂ ਉਸ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹੈ। ਉਸ ਨੇ ਦਾਅਵਾ ਕੀਤਾ ਕਿ ਦਿੱਲੀ ਪੁਲੀਸ ਦੇ ਸਾਈਬਰ ਸੈੱਲ ਵੱਲੋਂ 13 ਫਰਵਰੀ ਨੂੰ ਬੰਗਲੂਰੂ ਤੋਂ ਕੀਤੀ ਗਈ ਉਸ ਦੀ ਗ੍ਰਿਫ਼ਤਾਰੀ ‘ਪੂਰੀ ਤਰ੍ਹਾਂ ਗੈਰਕਾਨੂੰਨੀ ਤੇ ਬੇਬੁਨਿਆਦ ਸੀ।’ ਰਵੀ ਨੇ ਕਿਹਾ, ‘ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਆਮ ਲੋਕ ਟੀਵੀ ਚੈਨਲਾਂ ’ਤੇ ਚੱਲ ਰਹੀਆਂ ਖ਼ਬਰਾਂ ਨੂੰ ਫੈਸਲਾਕੁਨ ਮੰਨਦਿਆਂ ਉਸ ਨੂੰ ਦੋਸ਼ੀ ਮੰਨ ਲੈਣ। ਲਿਹਾਜ਼ਾ ਇਨ੍ਹਾਂ ਹਾਲਾਤ ਵਿੱਚ ਪ੍ਰਤੀਵਾਦੀਆਂ (ਪੁਲੀਸ) ਨੂੰ ਮੇਰੀ ਨਿੱਜਤਾ ਦਾ ਹੋਰ ਉਲੰਘਣ ਕਰਨ ਤੋਂ ਰੋਕਣ ਲਈ, ਅਤੇ ਨਿਰਪੱਖ ਟਰਾਇਲ ਦੇ ਮੇਰੇ ਹੱਕ ਲਈ ਮੈਂ ਇਹ ਪਟੀਸ਼ਨ ਦਾਖ਼ਲ ਕਰ ਰਹੀ ਹਾਂ।’ ਰਵੀ ਨੇ ਪਟੀਸ਼ਨ ਵਿੱਚ ਐੱਨਬੀਐੱਸਏ ਤੇ ਕੁਝ ਹੋਰਨਾਂ ਮੀਡੀਆ ਹਾਊਸਾਂ ਦੇ ਨਾਂ ਲਏ ਹਨ। ਉਧਰ ਦਿੱਲੀ ਪੁਲੀਸ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਟੂਲਕਿੱਟ ਮਾਮਲੇ ’ਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਕਥਿਤ ਸ਼ਮੂਲੀਅਤ ਨਾਲ ਜੁੜੇ ਕੇਸ ਵਿੱਚ ਮੀਡੀਆ ’ਚ ਕੋਈ ਵੀ ਸਮੱਗਰੀ ਲੀਕ ਨਹੀਂ ਕੀਤੀ। ਦਿੱਲੀ ਪੁਲੀਸ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਉਪਰੋਕਤ ਦਾਅਵਾ ਜਸਟਿਸ ਪ੍ਰਤਿਭਾ ਸਿੰਘ ਕੋਲ ਦਾਇਰ ਹਲਫ਼ਨਾਮੇ ’ਚ ਕੀਤਾ ਹੈ। ਉਂਜ ਕੇਸ ਦੀ ਸੁਣਵਾਈ ਦੌਰਾਨ ਐੱਨਬੀਐੱਸਏ ਤੇ ਹੋਰਨਾਂ ਮੀਡੀਆ ਹਾਊਸਾਂ ਦਾ ਕੋਈ ਨੁਮਾਇੰਦਾ ਹਾਜ਼ਰ ਨਾ ਹੋਣ ਕਰਕੇ ਕੋਰਟ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਹਨ। ਕੇਸ ਦੀ ਸੁਣਵਾਈ ਹੁਣ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ।
-ਪੀਟੀਆਈ