ਨਵੀਂ ਦਿੱਲੀ, 5 ਅਗਸਤ
ਦਿੱਲੀ ਪੁਲੀਸ ਨੇ ਅੱਜ ਹਾਈ ਕੋਰਟ ’ਚ ਦਾਅਵਾ ਕੀਤਾ ਹੈ ਕਿ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਖ਼ਿਲਾਫ਼ ਦਰਜ ਐੱਫਆਈਆਰ ਦੇ ਸਬੰਧ ’ਚ ਕੀਤੀ ਜਾ ਰਹੀ ਜਾਂਚ ਦੀ ਕੋਈ ਵੀ ਜਾਣਕਾਰੀ ਮੀਡੀਆ ਨੂੰ ਲੀਕ ਨਹੀਂ ਕੀਤੀ ਹੈ। ਦਿੱਲੀ ਹਾਈ ਕੋਰਟ ਵੱਲੋਂ ਦਿਸ਼ਾ ਰਵੀ ਦੀ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਹੈ ਜਿਸ ’ਚ ਉਸ ਨੇ ਮੰਗ ਕੀਤੀ ਹੈ ਕਿ ਜਾਂਚ ਨਾਲ ਸਬੰਧਤ ਕੋਈ ਵੀ ਸਮੱਗਰੀ ਮੀਡੀਆ ਨੂੰ ਲੀਕ ਕਰਨ ਤੋਂ ਪੁਲੀਸ ਨੂੰ ਰੋਕਿਆ ਜਾਵੇ। ਜਸਟਿਸ ਰੇਖਾ ਪੱਲੀ ਨੇ ਕਿਹਾ ਕਿ ਇਹ ਅਰਜ਼ੀ ਜਨਤਕ ਮਹੱਤਤਾ ਦਾ ਅਹਿਮ ਸਵਾਲ ਉਠਾਉਂਦੀ ਹੈ ਅਤੇ ਇਸ ਨੂੰ ਧਿਆਨ ’ਚ ਰਖਦਿਆਂ 27 ਸਤੰਬਰ ਨੂੰ ਬਹਿਸ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿਸ਼ਾ ਰਵੀ ’ਤੇ ਕਿਸਾਨ ਅੰਦੋਲਨ ਦੀ ਹਮਾਇਤ ’ਚ ਟੂਲਕਿੱਟ ਸ਼ੇਅਰ ਕਰਨ ਦੇ ਕਥਿਤ ਦੋਸ਼ ਲੱਗੇ ਹਨ। -ਪੀਟੀਆਈ