ਨਵੀਂ ਦਿੱਲੀ, 15 ਮਾਰਚ
ਟੂਲਕਿੱਟ ਮਾਮਲੇ ’ਚ ਤਿੰਨ ਨੌਜਵਾਨਾਂ ਨਿਕਿਤਾ ਜੈਕਬ, ਸ਼ਾਂਤਨੂ ਮੁਲਕ ਅਤੇ ਸ਼ੁਭਮ ਕਾਰ ਚੌਧਰੀ ਵੱਲੋਂ ਦਾਖ਼ਲ ਪੇਸ਼ਗੀ ਜ਼ਮਾਨਤ ਦੀਆਂ ਅਰਜ਼ੀਆਂ ਵਾਪਸ ਲੈਣ ਨਾਲ ਇਥੋਂ ਦੀ ਅਦਾਲਤ ਨੇ ਕੇਸ ਖਾਰਜ ਕਰ ਦਿੱਤਾ ਹੈ। ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਲੋੜ ਪਈ ਤਾਂ ਉਹ ਸੱਤ ਦਿਨ ਦਾ ਅਗਾਊਂ ਨੋਟਿਸ ਦੇਵੇਗੀ। ਇਸ ਤੋਂ ਪਹਿਲਾਂ ਅਦਾਲਤ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਟੂਲਕਿੱਟ ਕੇਸ ’ਚ ਨਿਯਮਤ ਜ਼ਮਾਨਤ ਦਿੱਤੀ ਹੋਈ ਹੈ। ਪੁਲੀਸ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਦੀ ਜਾਂਚ ਵਿਦੇਸ਼ ਆਧਾਰਿਤ ਸਰਵਿਸ ਪ੍ਰੋਵਾਈਡਰ ’ਤੇ ਨਿਰਭਰ ਹੈ ਅਤੇ ਮੁਲਜ਼ਮਾਂ ਦੇ ਵਿਵਹਾਰ ਨੂੰ ਦੇਖਦਿਆਂ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਜਾਂਚ ਮੁੱਢਲੀ ਸਟੇਜ ’ਤੇ ਹੈ ਅਤੇ ਜੇਕਰ ਅੱਗੇ ਉਨ੍ਹਾਂ ਤੋਂ ਪੁੱਛ-ਗਿੱਛ ਦੀ ਲੋੜ ਪਈ ਤਾਂ ਮੁਲਜ਼ਮਾਂ ਨੂੰ ਅਗਾਊਂ ਸੱਤ ਦਿਨਾਂ ਦਾ ਨੋਟਿਸ ਦੇਵਾਂਗੇ। ਅਦਾਲਤ ਨੇ ਕਿਹਾ ਕਿ ਇਸ ਸਮੇਂ ਦੌਰਾਨ ਜੇਕਰ ਕਾਨੂੰਨੀ ਚਾਰਾਜੋਈ ਦੀ ਲੋੜ ਪਈ ਤਾਂ ਮੁਲਜਮ ਇਸ ਦੀ ਵਰਤੋਂ ਕਰ ਸਕਦੇ ਹਨ। -ਪੀਟੀਆਈ