ਮੁੰਬਈ, 17 ਫਰਵਰੀ
ਬੰਬੇ ਹਾਈ ਕੋਰਟ ਨੇ ਕਿਸਾਨ ਅੰਦੋਲਨ ਬਾਬਤ ਸਾਂਝੀ ਕੀਤੀ ‘ਟੂਲਕਿੱਟ’ ਮਾਮਲੇ ਵਿੱਚ ਮਸ਼ਕੂਕ ਐਡਵੋਕੇਟ ਨਿਕਿਤਾ ਜੈਕਬ ਨੂੰ ਟਰਾਂਸਿਟ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਪੀ.ਡੀ.ਨਾਇਕ ਨੇ ਜੈਕਬ ਨੂੰ ਰਾਹਤ ਲਈ ਦਿੱਲੀ ਦੀ ਸਬੰਧਤ ਕੋਰਟ ’ਚ ਰਸਾਈ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਕੋਰਟ ਨੇ ਆਪਣੇ ਹੁਕਮਾਂ ’ਚ ਇਸ ਗੱਲ ਦਾ ਨੋਟਿਸ ਲਿਆ ਕਿ ਜੈਕਬ ਮੁੰਬਈ ਦੀ ਪੱਕੀ ਵਸਨੀਕ ਹੈ ਤੇ ਉਸ ਖ਼ਿਲਾਫ਼ ਐੱਫਆਈਆਰ ਦਿੱਲੀ ’ਚ ਦਰਜ ਕੀਤੀ ਗਈ ਹੈ ਤੇ ਜੈਕਬ ਵੱਲੋਂ ਮੰਗੀ ਗਈ ਰਾਹਤ ਮਹਿਜ਼ ਆਰਜ਼ੀ ਹੈ। ਚੇਤੇ ਰਹੇ ਕਿ ਬੰਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਨੇ ਇਸੇ ਕੇਸ ’ਚ ਇਕ ਹੋਰ ਮਸ਼ਕੂਕ ਬੀੜ(ਮਹਾਰਾਸ਼ਟਰ) ਅਧਾਰਿਤ ਇੰਜਨੀਅਰ ਸ਼ਾਂਤਨੂੰ ਮੁਲਕ, ਨੂੰ ਲੰਘੇ ਦਿਨ ਗ੍ਰਿਫ਼ਤਾਰੀ ਤੋਂ ਦਸ ਦਿਨ ਲਈ ਰਾਹਤ ਦਿੰਦਿਆਂ ਟਰਾਂਸਿਟ ਪੇਸ਼ਗੀ ਜ਼ਮਾਨਤ ਦਿੱਤੀ ਸੀ। ਉਧਰ ਦਿੱਲੀ ਪੁਲੀਸ ਦਾ ਮੰਨਣਾ ਹੈ ਕਿ ਜੈਕਬ ਤੇ ਸ਼ਾਂਤਨੂੰ ਨੇ ਬੰਗਲੌਰ ਨਾਲ ਸਬੰਧਤ ਵਾਤਾਵਰਨ ਕਾਰਕੁਨ ਦਿਸ਼ਾ ਰਵੀ, ਜੋ ਇਸ ਵੇਲੇ ਦਿੱਲੀ ਪੁਲੀਸ ਦੀ ਹਿਰਾਸਤ ਵਿੱਚ ਹੈ, ਨਾਲ ਮਿਲ ਕੇ ਕਿਸਾਨ ਅੰਦੋਲਨ ਬਾਰੇ ਟੂਲਕਿੱਟ ਤਿਆਰ ਕੀਤੀ ਸੀ, ਜਿਸ ਨੂੰ ਗ੍ਰੇਟਾ ਥਨਬਰਗ ਨੇ ਮਗਰੋਂ ਸੋਸ਼ਲ ਮੀਡੀਆ ’ਤੇ ਇੱਕ ਟਵੀਟ ਨਾਲ ਸਾਂਝਾ ਕੀਤਾ ਸੀ। -ਪੀਟੀਆਈ