ਮੁੰਬਈ, 17 ਫਰਵਰੀ
ਬੰਬੇ ਹਾਈ ਕੋਰਟ ਨੇ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੱਲੋਂ ਕਿਸਾਨ ਅੰਦੋਲਨ ਬਾਬਤ ਸਾਂਝੀ ਕੀਤੀ ‘ਟੂਲਕਿੱਟ’ ਮਾਮਲੇ ਵਿੱਚ ਐਡਵੋਕੇਟ ਨਿਕਿਤਾ ਜੈਕਬ ਨੂੰ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਪੀ.ਡੀ.ਨਾਇਕ ਨੇ ਜੈਕਬ ਨੂੰ ਰਾਹਤ ਲਈ ਦਿੱਲੀ ਦੀ ਸਬੰਧਤ ਕੋਰਟ ’ਚ ਰਸਾਈ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਕੋਰਟ ਨੇ ਆਪਣੇ ਹੁਕਮਾਂ ’ਚ ਇਸ ਗੱਲ ਦਾ ਨੋਟਿਸ ਲਿਆ ਕਿ ਜੈਕਬ ਮੁੰਬਈ ਦੀ ਪੱਕੀ ਵਸਨੀਕ ਹੈ ਤੇ ਉਸ ਖ਼ਿਲਾਫ਼ ਐੱਫਆਈਆਰ ਦਿੱਲੀ ’ਚ ਦਰਜ ਕੀਤੀ ਗਈ ਹੈ ਤੇ ਜੈਕਬ ਵੱਲੋਂ ਮੰਗੀ ਗਈ ਰਾਹਤ ਮਹਿਜ਼ ਆਰਜ਼ੀ ਹੈ। ਚੇਤੇ ਰਹੇ ਕਿ ਬੰਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਨੇ ਇਸੇ ਕੇਸ ’ਚ ਇਕ ਹੋਰ ਸ਼ੱਕੀ ਬੀੜ(ਮਹਾਰਾਸ਼ਟਰ) ਅਧਾਰਿਤ ਇੰਜਨੀਅਰ ਸ਼ਾਂਤਨੂੰ ਮੁਲਕ, ਨੂੰ ਲੰਘੇ ਦਿਨ ਗ੍ਰਿਫ਼ਤਾਰੀ ਤੋਂ ਦਸ ਦਿਨ ਲਈ ਰਾਹਤ ਦਿੰਦਿਆਂ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦਿੱਤੀ ਸੀ।
ਜਸਟਿਸ ਨਾਇਕ ਨੇ ਕਿਹਾ, ‘ਅਪੀਲਕਰਤਾ (ਜੈਕਬ) ਨੂੰ ਭੈਅ ਹੈ ਕਿ ਉਸ ਨੂੰ ਕਿਸੇ ਵੇਲੇ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਸ ਨੂੰ ਦੂਜੇ ਸੂਬੇ ਦੀ ਕੋਰਟ ’ਚੋਂ ਰਾਹਤ ਹਾਸਲ ਕਰਨ ਲਈ ਪ੍ਰਬੰਧ ਕਰਨੇ ਪੈਣੇ ਹਨ। ਲਿਹਾਜ਼ਾ ਇਸ ਕੋਰਟ ਦਾ ਇਹ ਮੱਤ ਹੈ ਕਿ ਅਪੀਲਕਰਤਾ ਵੱਲੋਂ ਮੰਗੀ ਗਈ ਰਾਹਤ ਆਰਜ਼ੀ ਸਮੇਂ ਲਈ ਦਿੱਤੀ ਜਾ ਸਕਦੀ ਹੈ।’ ਹਾਈ ਕੋਰਟ ਨੇ ਕਿਹਾ ਕਿ ਕਿਉਂ ਜੋ ਜੈਕਬ ਵੱਲੋਂ ਪੇਸ਼ਗੀ ਜ਼ਮਾਨਤ ਲਈ ਦਿੱਲੀ ’ਚ ਸਬੰਧਤ ਕੋਰਟ ਤੱਕ ਪਹੁੰਚ ਕੀਤੀ ਜਾ ਰਹੀ ਹੈ, ਇਸ ਲਈ ਇਸ ਕੋਰਟ ਵੱਲੋਂ ਕੇਸ ਦੇ ਗੁਣਾਂ/ਦੋਸ਼ਾਂ ਬਾਰੇ ਟਿੱਪਣੀ ਕਰਨਾ ਵਾਜਬ ਨਹੀਂ ਹੈ। ਜਸਟਿਸ ਨਾਇਕ ਨੇ ਕਿਹਾ, ‘ਅਪੀਲਕਰਤਾ ਨੂੰ ਤਿੰਨ ਹਫ਼ਤਿਆਂ ਲਈ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਕਿ ਉਸ ਨੂੰ ਦਿੱਲੀ ’ਚ ਸਬੰਧਤ ਕੋਰਟ ਤਕ ਰਸਾਈ ਲਈ ਸਮਾਂ ਮਿਲ ਸਕੇ।’ ਕੋਰਟ ਨੇ ਕਿਹਾ ਕਿ ਜੇ ਜੈਕਬ ਨੂੰ ਤਿੰਨ ਹਫ਼ਤਿਆਂ ਦੇ ਇਸ ਅਰਸੇ ਦੌਰਾਨ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ 25000 ਰੁਪਏ ਦੇ ਬੌਂਡ ’ਤੇ ਰਿਹਾਅ ਕੀਤਾ ਜਾਵੇ। ਜਸਟਿਸ ਨਾਇਕ ਨੇ ਆਪਣਾ ਫੈਸਲਾ ਸੁਣਾਉਣ ਮੌਕੇ ਇਸ ਤੱਥ ਨੂੰ ਵੀ ਨੋਟਿਸ ਵਿੱਚ ਲਿਆ ਕਿ ਇਸੇ ਕੇਸ ’ਚ ਮਸ਼ਕੂਕ ਸ਼ਾਂਤਨੂੰ ਮੁਲਕ ਨੂੰ ਹਾਈ ਕੋਰਟ ਦਾ ਔਰੰਗਾਬਾਦ ਬੈਂਚ ਮੰਗਲਵਾਰ ਨੂੰ ਦਸ ਦਿਨਾ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦੇ ਚੁੱਕਾ ਹੈ। ਜੈਕਬ ਤੇ ਮੁਲਕ, ਜੋ ਵਾਤਾਵਰਨ ਕਾਰਕੁਨ ਹੋਣ ਦਾ ਦਾਅਵਾ ਕਰਦੇ ਹਨ, ਨੇ ਦਿੱਲੀ ਕੋਰਟ ਵੱਲੋਂ ਉਨ੍ਹਾਂ ਖ਼ਿਲਾਫ਼ ਜਾਰੀ ਗ਼ੈਰ-ਜ਼ਮਾਨਤੀ ਵਾਰੰਟਾਂ ਮਗਰੋਂ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਦੋਵਾਂ ਨੇ ਆਪੋ-ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਲਈ ਨਿਸ਼ਾਨਾ ਬਣਾਇਆ ਜਾ ਰਿਹੈ। ਉਧਰ ਦਿੱਲੀ ਪੁਲੀਸ ਦਾ ਮੰਨਣਾ ਹੈ ਕਿ ਜੈਕਬ ਤੇ ਸ਼ਾਂਤਨੂੰ ਨੇ ਬੰਗਲੌਰ ਨਾਲ ਸਬੰਧਤ ਵਾਤਾਵਰਨ ਕਾਰਕੁਨ ਦਿਸ਼ਾ ਰਵੀ, ਜੋ ਇਸ ਵੇਲੇ ਦਿੱਲੀ ਪੁਲੀਸ ਦੀ ਹਿਰਾਸਤ ਵਿੱਚ ਹੈ, ਨਾਲ ਮਿਲ ਕੇ ਕਿਸਾਨ ਅੰਦੋਲਨ ਬਾਰੇ ਟੂਲਕਿੱਟ ਤਿਆਰ ਕੀਤੀ ਸੀ, ਜਿਸ ਨੂੰ ਗ੍ਰੇਟਾ ਥਨਬਰਗ ਨੇ ਮਗਰੋਂ ਸੋਸ਼ਲ ਮੀਡੀਆ ’ਤੇ ਇਕ ਟਵੀਟ ਨਾਲ ਸਾਂਝਾ ਕੀਤਾ ਸੀ। -ਪੀਟੀਆਈ
ਟੂਲਕਿੱਟਾਂ: ਦਿੱਲੀ ਪੁਲੀਸ ਨੇ ਮੁਲਕ ਦੇ ਘਰੋਂ ਹਾਰਡ ਡਿਸਕ ਕਬਜ਼ੇ ’ਚ ਲਈ
ਮੁੰਬਈ: ‘ਟੂਲਕਿੱਟ’ ਕੇਸ ’ਚ ਮਸ਼ਕੂਕ ਸ਼ਾਂਤਨੂੰ ਮੁਲਕ ਦੇ ਪਿਤਾ ਸ਼ਿਵਲਾਲ ਮੁਲਕ ਨੇ ਮੁਕਾਮੀ ਪੁਲੀਸ ਨੂੰ ਦੱਸਿਆ ਕਿ ਦੋ ਵਿਅਕਤੀ, ਜੋ ਦਿੱਲੀ ਪੁਲੀਸ ਦੇ ਮੁਲਾਜ਼ਮ ਹੋਣ ਦਾ ਦਾਅਵਾ ਕਰਦੇ ਸਨ, ਨੇ ਉਨ੍ਹਾਂ ਦੇ ਘਰੋਂ ਸ਼ਾਂਤਨੂੰ ਦੇ ਕੰਪਿਊਟਰ ਦੀ ਹਾਰਡ ਡਿਸਕ ਤੇ ਕੁਝ ਹੋਰ ਚੀਜ਼ਾਂ ਆਪਣੇ ਕਬਜ਼ੇ ’ਚ ਲਈਆਂ ਹਨ। ਬੀੜ ਦੇ ਸੁਪਰਡੈਂਟ ਰਾਜਾ ਰਾਮਾਸਵਾਮੀ ਨੇ ਕਿਹਾ ਕਿ ਸ਼ਾਂਤਨੂੰ ਦੇ ਪਿਤਾ ਨੇ ‘ਜ਼ਿੰਮੇਵਾਰ ਨਾਗਰਿਕ’ ਵਜੋਂ ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ। ਸ਼ਾਂਤਨੂੰ ਦੇ ਪਿਤਾ ਨੇ ਸ਼ਿਕਾਇਤ ’ਚ ਕਿਹਾ ਕਿ ਪੁਲੀਸ ਕੋਲ ਤਲਾਸ਼ੀ ਵਾਰੰਟ ਵੀ ਨਹੀਂ ਸੀ ਤੇ ਨਾ ਹੀ ਉਨ੍ਹਾਂ ਕਬਜ਼ੇ ’ਚ ਲਈਆਂ ਚੀਜ਼ਾਂ ਬਾਰੇ ਕੋਈ ‘ਪੰਚਨਾਮਾ’ ਤਿਆਰ ਕੀਤਾ।