ਨਵੀਂ ਦਿੱਲੀ, 12 ਮਾਰਚ
ਦਿਸ਼ਾ ਰਵੀ ਤੇ ਹੋਰਾਂ ਨਾਲ ‘ਟੂਲਕਿੱਟ’ ਮਾਮਲੇ ਵਿਚ ਮੁਲਜ਼ਮ ਵਾਤਾਵਰਨ ਕਾਰਕੁਨ ਸ਼ੁਭਮ ਕਾਰ ਚੌਧਰੀ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਅੰਤ੍ਰਿਮ ਰਾਹਤ ਵਿਚ ਦਿੱਲੀ ਦੀ ਅਦਾਲਤ ਨੇ ਤਿੰਨ ਦਿਨ ਦਾ ਵਾਧਾ ਕਰ ਦਿੱਤਾ ਹੈ। ਚੌਧਰੀ ਵੱਲੋਂ ਅਗਾਊਂ ਜ਼ਮਾਨਤ ਲਈ ਦਾਇਰ ਅਰਜ਼ੀ ਉਤੇ ਸੁਣਵਾਈ ਪੁਲੀਸ ਨੇ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਕਾਰਕੁਨ ਨੂੰ ਬੰਬੇ ਹਾਈ ਕੋਰਟ ਦੇ ਗੋਆ ਬੈਂਚ ਨੇ ਹਾਲ ਹੀ ਵਿਚ ਟਰਾਂਜ਼ਿਟ ਜ਼ਮਾਨਤ ਦਿੱਤੀ ਸੀ। ਅੱਜ ਹੋਈ ਸੁਣਵਾਈ ਦੌਰਾਨ ਪੁਲੀਸ ਨੇ ਅਦਾਲਤ ਨੂੰ ਸੁਣਵਾਈ 15 ਮਾਰਚ ਤੱਕ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਉਸੇ ਦਿਨ ਦਿਸ਼ਾ ਰਵੀ ਅਤੇ ਸ਼ਾਂਤਨੂ ਮੁਲਕ ਦੀ ਅਰਜ਼ੀ ਉਤੇ ਸੁਣਵਾਈ ਕੀਤੀ ਜਾਣੀ ਹੈ। ਸ਼ੁਭਮ ਦੇ ਵਕੀਲ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਹਾਈ ਕੋਰਟ ਵੱਲੋਂ ਦਿੱਤੀ ਰਾਹਤ ਅੱਜ ਖ਼ਤਮ ਹੋ ਰਹੀ ਹੈ। ਮੁਲਜ਼ਮ ਨੂੰ ਸੁਣਨ ਤੋਂ ਬਾਅਦ ਵਧੀਕ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਕਿਹਾ ਕਿ ਉਸ ਵਿਰੁੱਧ ਅਗਲੀ ਸੁਣਵਾਈ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸ਼ੁਭਮ ਦੀ ਟੂਲਕਿੱਟ ਬਣਾਉਣ ਵਿਚ ਕੋਈ ਭੂਮਿਕਾ ਨਹੀਂ ਹੈ। ਇਸ ਲਈ ਉਸ ਦਾ ਕੇਸ ਵੱਖਰਾ ਹੈ। ਗੋਆ ਬੈਂਚ ਨੇ 12 ਮਾਰਚ ਤੱਕ ਸ਼ੁਭਮ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਸੀ ਤਾਂ ਕਿ ਉਹ ਦਿੱਲੀ ਦੀ ਅਦਾਲਤ ਵਿਚ ਪਹੁੰਚ ਕਰ ਸਕੇ। ਦਿਸ਼ਾ ਰਵੀ ਨੂੰ ਪਹਿਲਾਂ ਹੀ ਇਸ ਕੇਸ ਵਿਚ ਜ਼ਮਾਨਤ ਮਿਲੀ ਹੋਈ ਹੈ। -ਪੀਟੀਆਈ