ਨਵੀਂ ਦਿੱਲੀ, 25 ਫਰਵਰੀ
ਦਿੱਲੀ ਦੀ ਅਦਾਲਤ ਨੇ ਕਿਸਾਨਾਂ ਦੇ ਅੰਦੋਲਨ ਨਾਲ ਸਬੰਧਤ ਟੂਲਕਿੱਟ ਮਾਮਲੇ ਵਿੱਚ ਸ਼ਾਂਤਨੁ ਮੁਲੁਕ ਨੂੰ ਗ੍ਰਿਫਤਾਰ ਕਰਨ ਤੋਂ 9 ਮਾਰਚ ਤੱਕ ਰਾਹਤ ਦਿੱਤੀ ਹੈ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਉਸ ਨੂੰ ਉਦੋਂ ਰਾਹਤ ਦਿੱਤੀ ਜਦੋਂ ਦਿੱਲੀ ਪੁਲੀਸ ਨੇ ਕਿਹਾ ਕਿ ਉਸ ਨੂੰ ਮੁਲੁਕ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਦਾ ਵਿਸਥਾਰਤ ਜਵਾਬ ਦਾਖਲ ਕਰਨ ਲਈ ਪੁੱਛ-ਪੜਤਾਲ ਲਈ ਹੋਰ ਸਮਾਂ ਚਾਹੀਦਾ ਹੈ। ਇਸ ’ਤੇ ਜੱਜ ਨੇ ਪੁਲੀਸ ਨੂੰ ਮੁਲੁਕ ਖ਼ਿਲਾਫ਼ ਨੌਂ ਮਾਰਚ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ। ਹੁਣ ਅਗਲੀ ਸੁਣਵਾਈ ਨੌਂ ਮਾਰਚ ਨੂੰ ਹੋਵੇਗੀ।