ਨਵੀਂ ਦਿੱਲੀ, 18 ਮਈ
ਟੂਲਕਿੱਟ ਕੇਸ ਵਿਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਵੱਲੋਂ ਦਾਇਰ ਇਕ ਪਟੀਸ਼ਨ ਦਾ ਜਵਾਬ ਦਾਖਲ ਨਾ ਕਰਨ ’ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਦੀ ਖਿਚਾਈ ਕੀਤੀ ਹੈ। ਰਵੀ ਨੇ ਪਟੀਸ਼ਨ ਵਿਚ ਮੰਗ ਕੀਤੀ ਸੀ ਕਿ ਪੁਲੀਸ ਨੂੰ ਜਾਂਚ ਨਾਲ ਜੁੜੀ ਜਾਣਕਾਰੀ ਮੀਡੀਆ ਕੋਲ ਲੀਕ ਕਰਨ ਤੋਂ ਰੋਕਿਆ ਜਾਵੇ। ਟੂਲਕਿੱਟ ਕੇਸ ਵਿਚ ਦਿਸ਼ਾ ਰਵੀ ਖ਼ਿਲਾਫ਼ ਐਫਆਈਆਰ ਕੀਤੀ ਗਈ ਸੀ। ਇਸ ਅਰਜ਼ੀ ’ਤੇ ਕੇਂਦਰ ਨੂੰ ਜਵਾਬ ਦੇਣ ਲਈ ਮਾਰਚ ਵਿਚ ਆਖ਼ਰੀ ਮੌਕਾ ਦਿੱਤਾ ਗਿਆ ਸੀ। ਜਸਟਿਸ ਰੇਖਾ ਪੱਲੀ ਨੇ ਕੇਂਦਰ ਨੂੰ ਸਵਾਲ ਕਰਦਿਆਂ ਕਿਹਾ ਕਿ ‘ਕੀ ਭਾਰਤ ਸਰਕਾਰ ਲਈ ਕੋਈ ਆਖ਼ਰੀ ਮੌਕਾ ਨਹੀਂ ਹੁੰਦਾ? ਫਿਰ ਅਦਾਲਤ ਵੱਲੋਂ ਇਹ ਕਹਿਣ ਦਾ ਕੀ ਮਤਲਬ ਹੋਇਆ ਕਿ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ। ਕੀ ਇਸ ਦੀ ਕੋਈ ਅਹਿਮੀਅਤ ਨਹੀਂ ਹੈ?’ ਅਦਾਲਤ ਨੇ 17 ਮਾਰਚ ਤੱਕ ਕੇਂਦਰ ਸਰਕਾਰ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਸੀ। -ਪੀਟੀਆਈ