ਨਵੀਂ ਦਿੱਲੀ, 19 ਮਈ
ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨਐੱਸਯੂਆਈ ਨੇ ਅੱਜ ਕਿਹਾ ਕਿ ਜਥੇਬੰਦੀ ਦੀ ਛੱਤੀਸਗੜ੍ਹ ਇਕਾਈ ਨੇ ‘ਫਰਜ਼ੀ ਟੂਲਕਿੱਟ’ ਰਾਹੀਂ ਪਾਰਟੀ ਨੂੰ ਬਦਨਾਮ ਕਰਨ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਅਤੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਖ਼ਿਲਾਫ਼ ਰਾਏਪੁਰ ਵਿੱਚ ਐੱਫਆਈਆਰ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਸੀ ਕਿ ਕਾਂਗਰਸ ਨੇ ਇਕ ‘ਟੂਲਕਿੱਟ’ ਤਿਆਰ ਕੀਤੀ ਹੈ, ਜਿਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਖ਼ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਪ੍ਰਧਾਨ ਮੰਤਰੀ ਨੂੰ ਕੋਵਿਡ ਨਾਲ ਨਜਿੱਠਣ ਦੇ ਮਾਮਲੇ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਉਧਰ ਕਾਂਗਰਸ ਨੇ ਭਾਜਪਾ ’ਤੇ ਦੋਸ਼ ਲਾਇਆ ਸੀ ਕਿ ਉਹ ਪਾਰਟੀ ਨੂੰ ਬਦਨਾਮ ਕਰਨ ਲਈ ‘ਫਰਜ਼ੀ ਟੂਲਕਿਟ’ ਦਾ ਪ੍ਰਚਾਰ ਕਰ ਰਹੀ ਹੈ।