ਮੁੰਬਈ, 16 ਫਰਵਰੀ
ਬੰਬ ਹਾਈ ਕੋਰਟ ਨੇ ਕਿਸਾਨ ਅੰਦੋਲਨ ਨਾਲ ਸਬੰਧਤ ਟੂਲਕਿਟ ਮਾਮਲੇ ਵਿੱਚ ਗ੍ਰਿਫ਼ਤਾਰ ਦਿਸ਼ਾ ਰਵੀ ਦੇ ਕੇਸ ਵਿੱਚ ਸ਼ੱਕੀ ਸ਼ਾਂਤਨੂੰ ਮਲੁਕੂ ਨੂੰ ਅੱਜ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਦੀ ਔਰੰਗਾਬਾਦ ਬੈਂਚ ਦੇ ਜਸਟਿਸ ਵਿਭਾ ਕਾਂਕੜਵਾੜੀ ਨੇ ਸ਼ਾਂਤਨੂੰ ਨੂੰ ਦਿੱਲੀ ਅਦਾਲਤ ਕੋਲ ਪੇਸ਼ ਹੋਣ ਤੋਂ ਪਹਿਲਾਂ ਸੁਰੱਖਿਆ ਸਬੰਧੀ ਅਰਜ਼ੀ ਦੇਣ ਲਈ ਦਸ ਦਿਨ ਦੀ ਅਗਾਊਂ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ਵਿੱਚ ਇੱਕ ਹੋਰ ਸ਼ੱਕੀ ਵਕੀਲ ਨਿਕਿਤਾ ਜੈਕਬ ਦੀ ਸੁਣਵਾਈ ਮੁੰਬਈ ਵਿੱਚ ਹਾਈ ਕੋਰਟ ਦੇ ਪ੍ਰਮੁੱਖ ਬੈਂਚ ਦੇ ਜਸਟਿਸ ਪੀਡੀ ਨਾਇਕ ਕੋਲ ਹੋਈ। ਉਨ੍ਹਾਂ ਕਿਹਾ ਕਿ ਜੈਕਬ ਦੇ ਮਾਮਲੇ ਵਿੱਚ ਆਦੇਸ਼ ਬੁੱਧਵਾਰ ਨੂੰ ਪਾਸ ਕੀਤੇ ਜਾਣਗੇ। ਦਿੱਲੀ ਪੁਲੀਸ ਨੇ ਦੋਸ਼ ਲਾਇਆ ਹੈ ਕਿ ਰਾਵੀ ਨੇ ਜੈਕਬ ਅਤੇ ਸ਼ਾਂਤਨੂੰ ਨਾਲ ਮਿਲ ਕੇ ਟੂਲਕਿਟ ਬਣਾਈ ਸੀ ਅਤੇ ਇਸ ਨੂੰ ਭਾਰਤ ਦੀ ਬਦਨਾਮੀ ਲਈ ਹੋਰਾਂ ਨਾਲ ਸਾਂਝਾ ਕੀਤਾ ਗਿਆ ਸੀ। ਉਧਰ ਕੌਮੀ ਰਾਜਧਾਨੀ ਦਿੱਲੀ ਵਿੱਚ ਖੱਬੇਪੱਖੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਨੇ ਟੂਲਕਿਟ ਮਾਮਲੇ ਵਿੱਚ ਗ੍ਰਿਫ਼ਤਾਰ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਖ਼ਿਲਾਫ਼ ਦਿੱਲੀ ਪੁਲੀਸ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਉਨ੍ਹਾਂ ਰਵੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਅਤੇ ਦੋਸ਼ ਲਾਇਆ ਕਿ ਭਾਜਪਾ ਲੋਕੰਤਰ ਖ਼ਿਲਾਫ਼ ਬੇਰਹਿਮ ਮੁਹਿੰਮ ਚਲਾ ਰਹੀ ਹੈ। -ਪੀਟੀਆਈ