ਨਵੀਂ ਦਿੱਲੀ, 28 ਨਵੰਬਰ
ਰੇਟਿੰਗ ਏਜੰਸੀ ‘ਕ੍ਰਿਸਿਲ’ ਨੇ ਕਿਹਾ ਹੈ ਕਿ ਟਮਾਟਰ ਦੀਆਂ ਕੀਮਤਾਂ ਹੋਰ ਦੋ ਮਹੀਨਿਆਂ ਲਈ ਉੱਚੀਆਂ ਰਹਿ ਸਕਦੀਆਂ ਹਨ। ਦੱਸਣਯੋਗ ਹੈ ਕਿ ਟਮਾਟਰ ਭਾਰਤ ਵਿਚ ਹੁੰਦੇ ਕੁੱਲ ਸਬਜ਼ੀ ਉਤਪਾਦਨ ਦਾ ਦਸ ਪ੍ਰਤੀਸ਼ਤ ਹੈ। ਕਰਨਾਟਕ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਵਿਚ ਜ਼ਿਆਦਾ ਮੀਂਹ ਪੈਣ ਕਾਰਨ ਟਮਾਟਰ ਦੀ ਫ਼ਸਲ ਨੁਕਸਾਨੀ ਗਈ ਸੀ। ਅਕਤੂਬਰ-ਦਸੰਬਰ ਦੌਰਾਨ ਜ਼ਿਆਦਾਤਰ ਟਮਾਟਰ ਇਨ੍ਹਾਂ ਰਾਜਾਂ ਵਿਚੋਂ ਹੀ ਆਉਂਦੇ ਹਨ। ਪਰ ਹੁਣ ਸਪਲਾਈ ਘੱਟ ਹੈ। ਕਰਨਾਟਕ ਵਿਚ ਸਥਿਤੀ ਐਨੀ ਖਰਾਬ ਹੈ ਕਿ ਟਮਾਟਰ ਮਹਾਰਾਸ਼ਟਰ ਦੇ ਨਾਸਿਕ ਤੋਂ ਭੇਜਿਆ ਜਾ ਰਿਹਾ ਹੈ। ਟਮਾਟਰ ਦੇ ਭਾਅ ਵਿਚ 142 ਪ੍ਰਤੀਸ਼ਤ ਦਾ ਉਛਾਲ ਆਇਆ ਹੈ। ਅਗਲੇ 45-50 ਦਿਨ ਵੀ ਇਹ ਮਹਿੰਗਾ ਹੀ ਮਿਲੇਗਾ ਜਦ ਤੱਕ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਤਿਆਰ ਹੋ ਕੇ ਟਮਾਟਰ ਬਾਜ਼ਾਰ ਵਿਚ ਨਹੀਂ ਪਹੁੰਚ ਜਾਂਦਾ। ਇਹ ਜਨਵਰੀ ਵਿਚ ਹੀ ਆ ਸਕੇਗਾ। ਪਿਆਜ਼ ਦਾ ਭਾਅ ਅਗਲੇ 10-15 ਦਿਨਾਂ ਵਿਚ ਘਟਣ ਦੀ ਸੰਭਾਵਨਾ ਹੈ ਕਿਉਂਕਿ ਨਵਾਂ ਉਤਪਾਦ ਉੱਤਰੀ ਭਾਰਤ ਦੇ ਬਾਜ਼ਾਰਾਂ ਵਿਚ ਆ ਜਾਵੇਗਾ। ਅਗਸਤ ਵਿਚ ਮੀਂਹ ਘੱਟ ਪੈਣ ਕਾਰਨ ਮਹਾਰਾਸ਼ਟਰ ਵਿਚ ਪਿਆਜ਼ ਲਾਉਣ ਵਿਚ ਦੇਰੀ ਹੋਈ ਸੀ। ਇਸ ਕਾਰਨ ਅਕਤੂਬਰ ਵਿਚ ਇਹ ਦੇਰ ਨਾਲ ਬਾਜ਼ਾਰ ਵਿਚ ਆਇਆ। ਸਤੰਬਰ ਦੇ ਮੁਕਾਬਲੇ ਅਕਤੂਬਰ ਵਿਚ ਪਿਆਜ਼ ਦੀ ਉਪਲੱਬਧਤਾ 65 ਪ੍ਰਤੀਸ਼ਤ ਵਧ ਗਈ ਸੀ। ਦੂਜੇ ਪਾਸੇ ਟਮਾਟਰ ਦੇ ਭਾਅ ਅਗਲੇ ਕੁਝ ਮਹੀਨਿਆਂ ਤੱਕ ਵਧਦੇ ਰਹਿਣਗੇ ਕਿਉਂਕਿ ਜ਼ੋਰਦਾਰ ਮੀਂਹ ਨੇ ਇਸ ਦੀ ਬਿਜਾਈ ਤੇ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ। -ਆਈਏਐਨਐੱਸ