ਨਵੀਂ ਦਿੱਲੀ, 16 ਅਗਸਤ
ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਪੂਸਾ ਕੰਪਲੈਕਸ ’ਚ ਬਣਾਏ ਗਏ ਅਤਿ-ਆਧੁਨਿਕ ਕੌਮੀ ਜੀਨ ਬੈਂਕ ਦਾ ਉਦਘਾਟਨ ਕੀਤਾ। ਇਹ ਕੌਮੀ ਰਾਜਧਾਨੀ ’ਚ ਸਥਿਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਜੀਨ ਬੈਂਕ ਹੈ। ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ’ਚ ਬੀਜਾਂ ਦੇ ਰੂਪ ’ਚ ਤਕਰੀਬਨ ਦਸ ਲੱਖ ‘ਜਰਮਪਲਾਜ਼ਮ’ ਸੁਰੱਖਿਅਤ ਰੱਖਣ ਦੀ ਸਮਰੱਥਾ ਹੈ। ਇਸ ਮੌਕੇ ਤੋਮਰ ਨੇ ਬੀਪੀ ਪਾਲ, ਐੱਮਐੱਸ ਸਵਾਮੀਨਾਥਨ ਤੇ ਹਰਭਜਨ ਸਿੰਘ ਵਰਗੇ ਮਾਹਿਰਾਂ ਦੇ ਯੋਗਦਾਨ ਨੂੰ ਯਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਸਵਦੇਸ਼ੀ ਫਸਲਾਂ ਦੀ ਵੰਨ ਸੁਵੰਨਤਾ ਨੂੰ ਸੁਰੱਖਿਅਤ ਕਰਨ ਲਈ ਮਜ਼ਬੂਤ ਨੀਂਹ ਰੱਖੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸਾਰਿਆਂ ਨੂੰ ਜ਼ਿੰਮੇਵਾਰੀ ਨਾਲ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। -ਪੀਟੀਆਈ