ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 8 ਅਕਤੂਬਰ
ਮੁਨਸ਼ੀ ਪ੍ਰੇਮ ਚੰਦ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹਨ। ਉਨ੍ਹਾਂ ਦੀਆਂ ਰਚਨਾਵਾਂ ਸਰਬਕਾਲੀ ਹਨ। ਉਨ੍ਹਾਂ ਦਾ ਜਨਮ 31 ਜੁਲਾਈ 1880 ਵਿੱਚ ਹੋਇਆ ਸੀ ਤੇ ਅੱਜ ਦੇ ਦਿਨ 8 ਅਕਤੂਬਰ 1936 ਨੂੰ ਉਹ ਸੰਸਾਰ ਨੂੰ ਅਲਵਿਦਾ ਆਖ ਗਏ। ਮੁਨਸ਼ੀ ਪ੍ਰੇਮ ਚੰਦ ਦੇ ਉਪਨਾਮ ਨਾਲ ਲਿਖਣ ਵਾਲੇ ਧਨਪਤ ਰਾਏ ਸ੍ਰੀਵਾਸਤਵ ਹਿੰਦੀ ਅਤੇ ਉਰਦੂ ਦੇ ਮਹਾਨ ਭਾਰਤੀ ਲੇਖਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਇਕ ਹੋਰ ਨਾਮ ਨਵਾਬ ਰਾਏ ਵੀ ਹੈ। ਉਨ੍ਹਾਂ ਨੂੰ ਬੰਗਾਲ ਦੇ ਉੱਘੇ ਨਾਵਲਕਾਰ ਸ਼ਰਤਚੰਦਰ ਚੱਟੋਪਾਧਿਆਏ ਨੇ ਨਾਵਲ ਸਮਰਾਟ ਕਰਾਰ ਦਿੱਤਾ ਸੀ। ਉਨ੍ਹਾਂ ਨੇ ਹਿੰਦੀ ਕਹਾਣੀ ਅਤੇ ਨਾਵਲ ਦੀ ਯਥਾਰਥਵਾਦੀ ਪ੍ਰੰਪਰਾ ਦੀ ਨੀਂਹ ਰੱਖੀ। ਉਹ ਸੰਵੇਦਨਸ਼ੀਲ ਲੇਖਕ, ਸੁਚੇਤ ਨਾਗਰਿਕ, ਕੁਸ਼ਲ ਵਕਤਾ ਅਤੇ ਚੰਗੇ ਸੰਪਾਦਕ ਸਨ। ਪ੍ਰੇਮਚੰਦ ਤੋਂ ਪ੍ਰਭਾਵਿਤ ਲੇਖਕਾਂ ਵਿੱਚ ਯਸ਼ਪਾਲ ਤੋਂ ਲੈ ਕੇ ਮੁਕਤੀਬੋਧ ਤੱਕ ਬੇਸ਼ੁਮਾਰ ਨਾਮ ਸ਼ਾਮਲ ਹਨ। ਜੇ ਪੰਜਾਬੀ ਦੇ ਪਾਠਕਾਂ ਨੂੰ ਉਨ੍ਹਾਂ ਦੀਆਂ ਰਚਨਾਵਾਂ ਪੜ੍ਹਨ ਦਾ ਮੌਕਾ ਮਿਲੇ ਤਾਂ ਉਹ ਉਸ ਨੂੰ ਨਾ ਛੱਡਣ।