ਮੁੱਖ ਅੰਸ਼
- ਵੀਕਐਂਡ ’ਤੇ ਹੋਟਲਾਂ ਦੇ ਕਮਰਿਆਂ ਦੀ ਬੁਕਿੰਗ ਵਧੀ
- ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਨਾਲ ਸੈਰ-ਸਪਾਟਾ ਸਨਅਤ ਬਾਗੋ-ਬਾਗ
ਸ਼ਿਮਲਾ, 4 ਜੁਲਾਈ
ਮੈਦਾਨੀ ਇਲਾਕਿਆਂ ਵਿਚ ਗਰਮੀ ਦਾ ਕਹਿਰ ਵਧਣ ਅਤੇ ਦੇਸ਼ ਭਰ ਵਿਚ ਕਰੋਨਾਵਾਇਰਸ ਦੀ ਦੂਜੀ ਲਹਿਰ ਮੱਧਮ ਪੈਣ ਤੋਂ ਬਾਅਦ ਸੈਲਾਨੀਆਂ ਨੇ ਹਿਮਾਚਲ ਪ੍ਰਦੇਸ਼ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਅਤਿ ਦੀ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਵੱਡੀ ਗਿਣਤੀ ਵਿਚ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟੇ ਵਾਲੇ ਸਥਾਨਾਂ ਜਿਵੇਂ ਕਿ ਸ਼ਿਮਲਾ, ਕੁਫਰੀ, ਨਾਰਕੰਡਾ, ਡਲਹੌਜ਼ੀ, ਮਨਾਲੀ, ਲਾਹੌਲ ਪਹੁੰਚ ਰਹੇ ਹਨ।
ਟੂਰਿਜ਼ਮ ਇੰਡਸਟਰੀ ਸਟੇਕਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸੇਠ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਹੋਟਲਾਂ ’ਚ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਪਰ ਅਗਲੇ ਦਿਨਾਂ ਵਿਚ ਇੱਥੇ ਹੋਰ ਸੈਲਾਨੀ ਪਹੁੰਚ ਸਕਦੇ ਹਨ। ਪੀਟੀਆਈ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਹਫ਼ਤੇ ਦੇ ਅਖ਼ੀਰ ਵਿਚ ਹੋਟਲਾਂ ਦੇ ਕਰੀਬ 60 ਤੋਂ 90 ਫ਼ੀਸਦ ਕਮਰੇ ਬੁੱਕ ਹੋ ਜਾਂਦੇ ਹਨ ਜਦਕਿ ਹੋਰ ਦਿਨਾਂ ਦੌਰਾਨ 40-45 ਫ਼ੀਸਦ ਕਮਰੇ ਬੁੱਕ ਰਹਿੰਦੇ ਹਨ। ਸ਼ਿਮਲਾ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਸੂਦ ਨੇ ਕਿਹਾ ਕਿ ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ’ਚ ਦਾਖ਼ਲ ਹੋਣ ਲਈ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਅਤੇ ਈ-ਕੋਵਿਡ ਪਾਸ ਦੀ ਸ਼ਰਤ ਹਟਾਏ ਜਾਣ ਤੋਂ ਬਾਅਦ ਸੂਬੇ ਵਿਚ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਮਿਲਿਆ ਹੈ। ਸ੍ਰੀ ਸੂਦ ਨੇ ਕਿਹਾ ਕਿ ਸਾਰੇ ਹੋਟਲਾਂ ਵਿਚ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਕੋਵਿਡ-19 ਸਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿਚ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।
ਹਾਲਾਂਕਿ, ਸੂਬੇ ਵਿਚ ਸੈਲਾਨੀਆਂ ਦੀ ਵਧਦੀ ਗਿਣਤੀ ਵਿਚਾਲੇ ਸੂਬਾ ਸਰਕਾਰ ਸਾਹਮਣੇ ਕੋਵਿਡ ਨੇਮਾਂ ਦੀ ਪਾਲਣਾ ਯਕੀਨੀ ਬਣਾਉਣਾ ਇਕ ਵੱਡੀ ਚੁਣੌਤੀ ਬਣ ਗਈ ਹੈ। ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸ਼ਿਮਲਾ ਤੇ ਨੇੜਲੇ ਸਥਾਨ ਘੁੰਮਣ ਪਹੁੰਚੀ ਗੁੜਗਾਓਂ ਦੀ ਨਿਕਿਤਾ ਕੁਕਰੇਜਾ ਨੇ ਕਿਹਾ ਕਿ ਜ਼ਿਆਦਾਤਰ ਸੈਲਾਨੀ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਦਿੱਲੀ ਤੋਂ ਸ਼ਿਮਲਾ ਘੁੰਮਣ ਪਹੁੰਚੀ ਸੰਜਨਾ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚ ਅਤਿ ਦੀ ਗਰਮੀ ਅਤੇ ਲੂ ਦੇ ਪ੍ਰਕੋਪ ਨੇ ਉਨ੍ਹਾਂ ਨੂੰ ਇੱਥੇ ਆਉਣ ਲਈ ਮਜਬੂਰ ਕਰ ਦਿੱਤਾ।
ਹਿਮਾਚਲ ਦੇ ਕੁੱਲੂ ਜ਼ਿਲ੍ਹੇ ਵਿਚ ਸਥਿਤ ਅਟਲ ਸੁੁਰੰਗ ਰੋਹਤਾਂਗ (ਏਟੀਆਰ) ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪਿਛਲੇ ਐਤਵਾਰ ਰਿਕਾਰਡ 6400 ਵਾਹਨ ਇਸ ਸੁਰੰਗ ਤੋਂ ਲੰਘੇ ਸਨ। ਲਾਹੌਲ-ਸਪਿਤੀ ਦੇ ਐੱਸਪੀ ਮਾਨਵ ਵਰਮਾ ਨੇ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ 2001 ਵਾਹਨ ਇਸ ਸੁਰੰਗ ਤੋਂ ਲੰਘੇ ਸਨ।
ਹਾਲਾਂਕਿ, ਫੋਰਮ ਆਫ਼ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਸੂਬਾਈ ਕਨਵੀਨਰ ਬੁੱਧੀ ਪ੍ਰਕਾਸ਼ ਠਾਕੁਰ ਨੇ ਕਿਹਾ ਕਿ ਕੁੱਲੂ ਜ਼ਿਲ੍ਹੇ ਵਿਚ ਹੋਟਲਾਂ ਦਾ ਕਾਰੋਬਾਰ ਨਿਰਾਸ਼ਾਜਨਕ ਹੈ ਜੋ ਘੱਟ ਕੇ 25 ਫ਼ੀਸਦ ਤੋਂ ਵੀ ਘੱਟ ਰਹਿ ਗਿਆ ਹੈ। ਆਮ ਤੌਰ ’ਤੇ ਗਰਮੀਆਂ ਦੇ ਦਿਨਾਂ ਵਿਚ ਵੱਡੀ ਗਿਣਤੀ ਸੈਲਾਨੀ ਮਨਾਲੀ ਪਹੁੰਚਦੇ ਹਨ ਪਰ ਇਸ ਵਾਰ ਇਹ ਗਿਣਤੀ ਬੇਹੱਦ ਘੱਟ ਹੈ। ਉੱਧਰ, ਹਿਮਾਚਲ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਡਲਹੌਜ਼ੀ, ਖਜਿਆਰ ਤੇ ਚੰਬਾ ਵਿਚ ਸੈਰ-ਸਪਾਟਾ ਕਾਰੋਬਾਰ ਹੌਲੀ-ਹੌਲੀ ਰਫ਼ਤਾਰ ਫੜ ਰਿਹਾ ਹੈ। -ਪੀਟੀਆਈ