ਚੰਡੀਗੜ੍ਹ (ਟਨਸ.): ਚੀਨ ਦੇ ਇੱਕ ਗਿਆਰਾਂ ਸਾਲਾਂ ਦੇ ਲੜਕੇ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ਰੋਂਦਾ ਹੋਇਆ ਕਿਤਾਬਾਂ ਤੋਂ ਐਲਰਜੀ ਹੋਣ ਦੀ ਗੱਲ ਆਖ ਰਿਹਾ ਹੈ। ਇਸ ਵੀਡੀਓ ਵਿੱਚ ਬੱਚਾ ਆਪਣੇ ਨੱਕ ’ਤੇ ਟਿਸ਼ੂ ਰੱਖ ਕੇ ਰੋਂਦਾ ਦਿਖਾਈ ਦੇ ਰਿਹਾ ਹੈ। ਉਹ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਉਹ ਰੋਣਾ ਬੰਦ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਕਿਤਾਬਾਂ ਤੋਂ ਆਉਣ ਵਾਲੀ ਮੁਸ਼ਕ ਤੋਂ ਐਲਰਜੀ ਹੈ। ਮਾਂ ਬੱਚੇ ਨੂੰ ਪੁੱਛਦੀ ਹੈ, ‘ਕੀ ਤੂੰ ਇਹ ਕਹਿਣਾ ਚਾਹ ਰਿਹਾ ਹੈਂ ਕਿ ਤੂੰ ਸਕੂਲ ਦਾ ਕੰਮ ਨਹੀਂ ਕਰ ਸਕੇਂਗਾ? ਅਸੀਂ ਇਸ ਐਲਰਜੀ ਨੂੰ ਹਟਾਉਣ ਲਈ ਕੀ ਕਰ ਸਕਦੇ ਹਾਂ।’ ਇਸ ਦੇ ਜਵਾਬ ਵਿੱਚ ਬੱਚਾ ਇੱਕ ਕਾਗਜ਼ ਦਾ ਟੁਕੜਾ ਚੁੱਕ ਕੇ ਆਪਣੇ ਨੱਕ ਵਿੱਚ ਪਾ ਲੈਂਦਾ ਹੈ। ਇਸ ਦੇ ਨਾਲ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਤੇ ਉਹ ਛਿੱਕਾਂ ਮਾਰਨ ਲੱਗ ਜਾਂਦਾ ਹੈ। ਜਦੋਂ ਉਹ ਆਪਣੀ ਮਾਂ ਵੱਲੋਂ ਡਾਕਟਰ ਕੋਲ ਲਿਜਾਣ ਦੀ ਗੱਲ ’ਤੇ ਇਨਕਾਰ ਕਰ ਦਿੰਦਾ ਹੈ ਤਾਂ ਉਸ ਦੀ ਮਾਂ ਆਖਦੀ ਹੈ, ‘ਨਾਟਕ ਕਰਨਾ ਬੰਦ ਕਰ ਤੇ ਪੈੱਨ ਚੁੱਕ।’ ਜਦੋਂ ਮਾਂ ਨੇ ਪੁੱਛਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਐਲਰਜੀ ਕਿਉਂ ਨਹੀਂ ਹੋਈ ਤਾਂ ਬੱਚੇ ਨੇ ਜਵਾਬ ਦਿੱਤਾ ਕਿ ਉਦੋਂ ਉਸ ਦਾ ਇਹ ਰੋਗ ਸੁੱਤਾ ਹੋਇਆ ਸੀ।