ਕੋਲਕਾਤਾ, 8 ਸਤੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਬਦਲਾਖੋਰੀ ਦੀ ਸਿਆਸਤ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜਿਵੇਂ ਹੀ ਜ਼ਿਮਨੀ ਚੋਣਾਂ ਦੀ ਤਰੀਕ ਦਾ ਐਲਾਨ ਹੋਇਆ, ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਐੱਮਸੀ ਆਗੂਆਂ ਨੂੰ ਕੇਂਦਰੀ ਏਜੰਸੀਆਂ ਵੱਲੋਂ ਤਲਬ ਕੀਤਾ ਜਾ ਰਿਹਾ ਹੈ। ਭਵਾਨੀਪੁਰ ਸੀਟ ਤੋਂ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਸਿਆਸੀ ਕਾਰਨਾਂ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ। -ਪੀਟੀਆਈ
ਸੀਪੀਐੱਮ ਨੇ ਮਮਤਾ ਖ਼ਿਲਾਫ਼ ਸ੍ਰੀਜਬਿ ਬਿਸਵਾਸ ਨੂੰ ਉਮੀਦਵਾਰ ਬਣਾਇਆ
ਕੋਲਕਾਤਾ: ਖੱਬੇ ਪੱਖੀ ਮੋਰਚੇ ਨੇ ਭਵਾਨੀਪੁਰ ਜ਼ਿਮਨੀ ਚੋੋਣ ਲਈ ਮਮਤਾ ਬੈਨਰਜੀ ਖ਼ਿਲਾਫ਼ ਸੀਪੀਐੱਮ ਦੇ ਸ੍ਰੀਜਬਿ ਬਿਸਵਾਸ ਨੂੰ ਮੈਦਾਨ ’ਚ ਉਤਾਰਿਆ ਹੈ। ਭਵਾਨੀਪੁਰ ’ਚ ਦੋ ਹੋਰ ਹਲਕਿਆਂ ਸ਼ਮਸ਼ੇਰਗੰਜ ਅਤੇ ਜੰਗੀਪੁਰ ਦੇ ਨਾਲ 30 ਸਤੰਬਰ ਨੂੰ ਵੋਟਾਂ ਪੈਣਗੀਆਂ। ਸੀਪੀਐੱਮ ਨੇ ਸ਼ਮਸ਼ੇਰਗੰਜ ਤੋਂ ਮੁਹੰਮਦ ਮੁਦੱਸਰ ਹੁਸੈਨ ਅਤੇ ਆਰਐੱਸਪੀ ਨੇ ਜੇਨ ਆਲਮ ਮੀਆਂ ਨੂੰ ਜੰਗੀਪੁਰ ਤੋਂ ਉਮੀਦਵਾਰ ਬਣਾਇਆ ਹੈ। -ਪੀਟੀਆਈ
ਪੱਛਮੀ ਬੰਗਾਲ ਵਿੱਚ ਭਾਜਪਾ ਸੰਸਦ ਮੈਂਬਰ ਦੇ ਘਰ ’ਤੇ ਬੰਬ ਸੁੱਟੇ
ਕੋਲਕਾਤਾ: ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਪੱਛਮੀ ਬੰਗਾਲ ਦੇ ਉਤਰੀ 24 ਪਰਗਨਾ ਸਥਿਤ ਘਰ ਵਿੱਚ ਅੱਜ ਸਵੇਰੇ ਲਗਪਗ ਤਿੰਨ ਦੇਸੀ ਬੰਬ ਸੁੱਟੇ ਗਏ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 3 ਵਜੇ ਦੀ ਹੈ, ਜਿਸ ਵਿੱਚ ਕੁੱਝ ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਕਾਰਨ ਘਰ ਦੇ ਮੁੱਖ ਗੇਟ ਨੂੰ ਵੀ ਥੋੜ੍ਹਾ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ, ‘‘ਜਾਂਚ ਚੱਲ ਰਹੀ ਹੈ। ਅਸੀਂ ਸੀਸੀਟੀਵੀ ਫੁਟੇਜ ਖੰਘਾਲ ਰਹੇ ਹਾਂ ਅਤੇ ਸਥਾਨਕ ਲੋਕਾਂ ਅਤੇ ਚਸ਼ਮਦੀਦਾਂ ਨਾਲ ਗੱਲਬਾਤ ਕਰ ਰਹੇ ਹਾਂ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।’’ ਘਟਨਾ ਸਮੇਂ ਸੰਸਦ ਮੈਂਬਰ ਅਰਜੁਨ ਸਿੰਘ ਦਿੱਲੀ ਵਿੱਚ ਸਨ। ਭਾਜਪਾ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਟੀਐੱਮਸੀ ਦੇ ਲੋਕਾਂ ਨੇ ਉਸ ਦੇ ਘਰ ’ਤੇ ਹਮਲਾ ਕੀਤਾ ਹੈ ਕਿਉਂਕਿ ਭਗਵਾਂ ਪਾਰਟੀ ਨੇ ਜ਼ਿਮਨੀ ਚੋਣਾਂ ਦੌਰਾਨ ਉਸ ਨੂੰ ਭਬਾਨੀਪੁਰ ਵਿਧਾਨ ਸਭਾ ਸੀਟ ਤੋਂ ਨਿਗਰਾਨ ਲਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਟੀਐੱਮਸੀ ਕਾਰਕੁਨਾਂ ਨੇ ਮੇਰੇ ਘਰ ’ਤੇ ਪਹਿਲੀ ਵਾਰ ਬੰਬ ਨਹੀਂ ਸੁੱਟੇ। ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੀ ਰਾਤ ਪਾਰਟੀ ਮੈਨੂੰ ਭਬਾਨੀਪੁਰ ਹਲਕੇ ਦਾ ਨਿਗਰਾਨ ਲਾਉਣ ਦਾ ਫ਼ੈਸਲਾ ਕਰਦੀ ਹੈ ਅਤੇ ਅੱਜ ਸਵੇਰੇ ਮੇਰੇ ਘਰ ’ਤੇ ਬੰਬ ਸੁੱਟੇ ਜਾਂਦੇ ਹਨ।’’
ਸੂਬੇ ਦੇ ਗਵਰਨਰ ਜਗਦੀਪ ਧਨਖੜ ਨੇ ਇਸ ਘਟਨਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਵਿੱਚ ‘ਅਣਚਾਹੀ ਹਿੰਸਾ’ ਖ਼ਤਮ ਹੋਣ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ। ਭਾਜਪਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਨੇ ਕਿਹਾ ਕਿ ਅਜਿਹੇ ਹਮਲਿਆਂ ਅੱਗੇ ਅਰਜੁਨ ਸਿੰਘ ਝੁਕਣ ਵਾਲਾ ਨਹੀਂ ਹੈ। -ਪੀਟੀਆਈ