ਬੋਲਪੁਰ(ਪੱਛਮੀ ਬੰਗਾਲ), 11 ਅਗਸਤ
ਸੀਬੀਆਈ ਨੇ ਸੀਨੀਅਰ ਤ੍ਰਿਣਮੂਲ ਕਾਂਗਰਸ ਆਗੂ ਅਨੁਬ੍ਰਤਾ ਮੰਡਲ ਨੂੰ ਪਸ਼ੂ ਤਸਕਰੀ ਮਾਮਲੇ ਵਿੱਚ ਅੱਜ ਗ੍ਰਿਫ਼ਤਾਰ ਕਰ ਲਿਆ। ਕੇਂਦਰੀ ਜਾਂਚ ਏਜੰਸੀ ਨੇ ਟੀਐੱਮਸੀ ਆਗੂ ਨੂੰ ਉਸ ਦੀ ਰਿਹਾਇਸ਼ ਤੋਂ ਕਾਬੂ ਕੀਤਾ। ਅਧਿਕਾਰੀ ਨੇ ਕਿਹਾ ਕਿ ਮੰਡਲ ਪਿਛਲੇ ਤਿੰਨ ਦਿਨਾਂ ਵਿੱਚ ਦੋ ਵਾਰ ਕੇਂਦਰੀ ਏਜੰਸੀ ਅੱਗੇ ਪੇਸ਼ ਹੋਣ ਵਿੱਚ ਨਾਕਾਮ ਰਿਹਾ ਸੀ। ਅਧਿਕਾਰੀ ਮੁਤਾਬਕ ਸੀਬੀਆਈ ਨੇ ਜਾਂਚ ਵਿੱਚ ਕਥਿਤ ਸਹਿਯੋਗ ਨਾ ਦੇਣ ਲਈ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਮੰਡਲ ਨੂੰ ਸੀਆਰਪੀਸੀ ਦੀ ਧਾਰਾ 41 ਤਹਿਤ ਨੋਟਿਸ ਦਿੱਤਾ ਸੀ।
ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਸੀਬੀਆਈ ਦੀ ਟੀਮ, ਜਿਸ ਵਿੱਚ ਅੱਠ ਅਧਿਕਾਰੀਆਂ ਤੋਂ ਇਲਾਵਾ ਕੇਂਦਰੀ ਬਲਾਂ ਦਾ ਅਮਲਾ ਵੀ ਸੀ, 10 ਵਜੇ ਦੇ ਕਰੀਬ ਬੀਰਭੂਮ ਜ਼ਿਲ੍ਹਾ ਪ੍ਰਧਾਨ ਦੀ ਰਿਹਾਇਸ਼ ’ਤੇ ਪੁੱਜੀ ਤੇ ਜਾਂਚ ਵਜੋਂ ਘਰ ਦੀ ਤਲਾਸ਼ੀ ਲਈ। ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਮੰਡਲ ਨੂੰ ਘਰ ਦੀ ਦੂਜੀ ਮੰਜ਼ਿਲ ’ਤੇ ਇਕ ਕਮਰੇ ਵਿੱਚ ਇਕ ਘੰਟੇ ਦੇ ਕਰੀਬ ਬਿਠਾਈ ਰੱਖਿਆ ਗਿਆ।
ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਪਸ਼ੂ ਤਸਕਰੀ ਕੇਸ ਦੀ ਜਾਂਚ ਵਿੱਚ ਸਹਿਯੋਗ ਨਾ ਕਰਨ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਨੂੰ ਇਸ ਘੁਟਾਲੇ ਵਿੱਚ ਸ੍ਰੀ ਮੰਡਲ ਦੀ ਸਿੱਧੀ ਸ਼ਮੂਲੀਅਤ ਦੇ ਸਬੂਤ ਮਿਲੇ ਹਨ। ਅਸੀਂ ਉਨ੍ਹਾਂ ਤੋਂ ਪੁੱਛ-ਪੜਤਾਲ ਕਰਕੇ ਕਾਨੂੰਨ ਮੁਤਾਬਕ ਲੋੜੀਂਦੀ ਕਾਰਵਾਈ ਕਰਾਂਗੇ।’’
ਟੀਐੱਮਸੀ ਆਗੂ ਆਪਣੀ ਨਾਸਾਜ਼ ਸਿਹਤ ਦੇ ਹਵਾਲੇ ਨਾਲ ਸੋਮਵਾਰ ਤੇ ਬੁੱਧਵਾਰ ਨੂੰ ਸੀਬੀਆਈ ਅੱਗੇ ਪੇਸ਼ ਨਹੀਂ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਸੀਬੀਆਈ ਬੋਲਪੁਰ ਹਸਪਤਾਲ ਦੇ ਉਸ ਡਾਕਟਰ ਤੋਂ ਵੀ ਪੁੱਛ-ਪੜਤਾਲ ਕਰੇਗੀ, ਜਿਸ ਨੇ ਮੰਡਲ ਨੂੰ 14 ਦਿਨ ਦੇ ਬੈੱਡ ਰੈਸਟ ਲਈ ਕਿਹਾ ਸੀ। ਅਧਿਕਾਰੀ ਨੇ ਕਿਹਾ ਕਿ ਟੀਐੱਮਸੀ ਆਗੂ ਦੇ ਨੇੇੜਲੇ ਸਾਥੀਆਂ ਦੀਆਂ ਰਿਹਾਇਸ਼ਾਂ ’ਤੇ ਵੀ ਛਾਪੇ ਮਾਰੇ ਜਾ ਰਹੇ ਹਨ। ਸੀਬੀਆਈ ਨੇ ਮੰਡਲ ਨੂੰ ਅਜਿਹੇ ਮੌਕੇ ਗ੍ਰਿਫ਼ਤਾਰ ਕੀਤਾ ਹੈ ਜਦੋਂ ਸਾਬਕਾ ਟੀਐੱਮਸੀ ਆਗੂ ਤੇ ਬੰਗਾਲ ਸਰਕਾਰ ’ਚ ਸਾਬਕਾ ਮੰਤਰੀ ਪਾਰਥਾ ਚੈਟਰਜੀ ਅਧਿਆਪਕ ਭਰਤੀ ਘੁਟਾਲੇ ਵਿੱਚ ਈਡੀ ਦੀ ਹਿਰਾਸਤ ਵਿੱਚ ਹੈ। -ਪੀਟੀਆਈ
ਮਮਤਾ ਬੈਨਰਜੀ ਸਥਿਤੀ ਸਪੱਸ਼ਟ ਕਰੇ: ਭਾਜਪਾ
ਬੰਗਾਲ ’ਚ ਮੁੱਖ ਵਿਰੋਧੀ ਧਿਰ ਭਾਜਪਾ ਨੇ ਕਿਹਾ ਕਿ ਮੰਡਲ ਦੀ ਗ੍ਰਿਫ਼ਤਾਰੀ ਤੋਂ ਸਾਫ਼ ਹੈ ਕਿ ਸੱਤਾਧਾਰੀ ਪਾਰਟੀ ਗਲੇ ਤੱਕ ਭ੍ਰਿਸ਼ਟਾਚਾਰ ਵਿੱਚ ਧਸੀ ਹੋਈ ਹੈ। ਪਾਰਟੀ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਸਥਿਤੀ ਸਪੱਸ਼ਟ ਕਰਨ। ਭਾਜਪਾ ਦੇ ਕੌਮੀ ਉਪ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ, ‘‘ਹੁਣ ਸਮਾਂ ਹੈ ਜਦੋਂ ਮੁੱਖ ਮੰਤਰੀ ਨੂੰ ਮੰਡਲ ਦੀ ਗ੍ਰਿਫ਼ਤਾਰੀ ਬਾਰੇ ਬਿਆਨ ਜਾਰੀ ਕਰਕੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਟੀਐੱਮਸੀ ਦੀ ਸਿਖਰਲੀ ਲੀਡਰਸ਼ਿਪ ਦੇ ਨੇੜੇ ਸੀ।’’ ਭਾਜਪਾ ਦੇ ਸੂਬਾਈ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਕਿਹਾ, ‘‘ਪਹਿਲਾਂ ਚੈਟਰਜੀ ਤੇ ਹੁਣ ਮੰਡਲ ਦੀ ਗ੍ਰਿਫ਼ਤਾਰੀ ਬੰਗਾਲ ਦੇ ਵਧਾ-ਚੜ੍ਹਾ ਕੇ ਪੇਸ਼ ਕੀਤੇ ਜਾਂਦੇ ਵਿਕਾਸ ਮਾਡਲ ਦੀ ਮਿਸਾਲ ਹਨ।’’ ਸੀਪੀਐੱਮ ਆਗੂ ਸੁਜਾਨ ਚੱਕਰਬਰਤੀ ਨੇ ਦਾਅਵਾ ਕੀਤਾ ਕਿ ਮੰਡਲ ਬੀਰਭੂਮ ਜ਼ਿਲ੍ਹੇ ਵਿੱਚ ਖੁ਼ਦ ਨੂੰ ਕਾਨੂੰਨ ਤੋਂ ਵੀ ਉਪਰ ਸਮਝਦਾ ਹੈ ਤੇ ਟੀਐੱਮਸੀ ਲੀਡਰਸ਼ਿਪ ਨੇ ‘ਉਸ ਦੇ ਮਾੜੇ ਕੰਮਾਂ ਨੂੰ ਲੈ ਕੇ ਅੱਖਾਂ ਮੀਟ ਰੱਖੀਆਂ ਸਨ।’’
ਸਹੀ ਸਮੇਂ ’ਤੇ ਢੁੱਕਵਾਂ ਫੈਸਲਾ ਲਵਾਂਗੇ: ਟੀਐੱਮਸੀ
ਸੱਤਾਧਾਰੀ ਟੀਐੱਮਸੀ ਨੇ ਕਿਹਾ ਕਿ ਪਾਰਟੀ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਟੀਐੱਮਸੀ ਸੰਸਦ ਮੈਂਬਰ ਸ਼ਾਂਤਨੂੰ ਸੇਨ ਨੇ ਕਿਹਾ, ‘‘ਪਾਰਟੀ ਸਹੀ ਸਮੇਂ ’ਤੇ ਢੁੱਕਵਾਂ ਫੈਸਲਾ ਲਏਗੀ। ਪਰ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਟੀਐੱਮਸੀ ਭ੍ਰਿਸ਼ਟਾਚਾਰ ਦੀ ਕਿਸੇ ਘਟਨਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ।’’