ਹੈਦਰਾਬਾਦ, 27 ਨਵੰਬਰ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਇੱਥੇ ਪਹਿਲੀ ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਸਬੰਧੀ ਅੱਜ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਇਕ ਰੋਡ ਸ਼ੋਅ ਕੀਤਾ। ਇਸ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਨੱਢਾ ਨੇ ਕਿਹਾ, ‘‘ਇਹ ਸਮਾਂ ਕੇਸੀਆਰ (ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ) ਅਤੇ ਟੀਆਰਐੱਸ ਦੇ ਰਾਜ ਜਾਣ ਦਾ ਹੈ। ਮੀਂਹ ਦੇ ਬਾਵਜੂਦ ਤੁਸੀਂ ਐਨੀ ਵੱਡੀ ਗਿਣਤੀ ਵਿੱਚ ਆਏ ਹੋ ਜਿਸ ਨਾਲ ਕੇਸੀਆਰ ਤੇ ਟੀਆਰਐੱਸ ਨੂੰ ਆਪਣੇ ਆਪ ਇਹ ਸੁਨੇਹਾ ਚੱਲਿਆ ਜਾਂਦਾ ਹੈ ਕਿ ਤੁਹਾਡੇ ਜਾਣ ਦਾ ਸਮਾਂ ਆ ਗਿਆ ਹੈ ਅਤੇ ਇਹ ਭਾਜਪਾ ਦੇ ਆਉਣ ਦਾ ਸਮਾਂ ਹੈ।’’
ਨਗਰ ਨਿਗਮ ਚੋਣਾਂ ਸਬੰਧੀ ਪ੍ਰਚਾਰ ਲਈ ਭਾਜਪਾ ਦੇ ਕੌਮੀ ਪ੍ਰਧਾਨ ਦੇ ਆਉਣ ਦੀ ਹੋ ਰਹੀ ਆਲੋਚਨਾ ਬਾਰੇ ਸ੍ਰੀ ਨੱਢਾ ਨੇ ਕਿਹਾ ਕਿ ਜਿੱਥੇ ਕਿਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ, ਵਿਕਾਸ ਤੇ ਪਾਰਟੀ ਦੀ ਵਿਸਤਾਰ ਲਈ ਜਾਣ ਦੀ ਲੋੜ ਹੋਵੇਗੀ ਉਹ ਜਾਣ ਲਈ ਤਿਆਰ ਹਨ। ਨਗਰ ਨਿਗਮ ਚੋਣਾਂ ਲਈ ਕਈ ਸੀਨੀਅਰ ਭਾਜਪਾ ਆਗੂ ਚੋਣ ਪ੍ਰਚਾਰ ਕਰ ਰਹੇ ਹਨ।-ਪੀਟੀਆਈ
ਭਾਜਪਾ ਵੱਲੋਂ ਸੂਬਿਆਂ ਲਈ ਜਥੇਬੰਦਕ ਨਿਯੁਕਤੀਆਂ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਵੱਲੋਂ ਰਾਜਾਂ ਵਿੱਚ ਜਥੇਬੰਦਕ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਤਹਿਤ ਰਵਿੰਦਰ ਰਾਜੂ ਨੂੰ ਹਰਿਆਣਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰਤਨਾਕਰ ਨੂੰ ਬਿਹਾਰ ਵਿੱਚ ਜੁਆਇੰਟ ਜਨਰਲ ਸਕੱਤਰ, ਜਦੋਂਕਿ ਭਵਾਨੀ ਸਿੰਘ ਤੇ ਕਰਮਵੀਰ ਨੂੰ ਉੱਤਰ ਪ੍ਰਦੇਸ਼ ਵਿੱਚ ਇਸੇ ਤਰ੍ਹਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਵੱਲੋਂ ਅਭੈ ਕੁਮਾਰ ਗਿਰੀ ਨੂੰ ਮਣੀਪੁਰ ਤੇ ਨਾਗਾਲੈਂਡ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਵਿੱਚ ਜਥੇਬੰਦਕ ਜਨਰਲ ਸਕੱਤਰ ਤੇ ਜੁਆਇੰਟ ਜਨਰਲ ਸਕੱਤਰ ਇੰਚਾਰਜ ਦਾ ਅਹੁਦਾ ਅਹਿਮ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਅਹੁਦਿਆਂ ’ਤੇ ਲੱਗਣ ਵਾਲੇ ਲੋਕ ਆਮ ਤੌਰ ’ਤੇ ਆਰਐੱਸਐੱਸ ਤੋਂ ਹੁੰਦੇ ਹਨ। -ਪੀਟੀਆਈ