ਨਵੀਂ ਦਿੱਲੀ, 25 ਦਸੰਬਰ
ਕੌਮੀ ਰਾਜਧਾਨੀ ਦੀ ਉੱਚ ਸੁਰੱਖਿਆ ਵਾਲੀ ਤਿਹਾੜ ਜੇਲ੍ਹ ’ਚ ਪਿਛਲੇ ਅੱਠ ਦਿਨਾਂ ਦੌਰਾਨ ਪੰਜ ਕੈਦੀਆਂ ਦੀ ਮੌਤ ਹੋ ਗਈ ਹੈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਉਂਜ ਇਹ ਕੁਦਰਤੀ ਤੌਰ ’ਤੇ ਮੌਤਾਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਸੀਆਰਪੀਸੀ ਦੀ ਧਾਰਾ 176 ਤਹਿਤ ਮੈਜਿਸਟਰੇਟੀ ਜਾਂਚ ਦੇ ਚੁਕਮ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਵੀ ਤਿੰਨ ਨੰਬਰ ਜੇਲ੍ਹ ’ਚ ਇਕ ਕੈਦੀ ਦੀ ਮੌਤ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਕੈਦੀ ਆਪਣੇ ਸੈੱਲ ’ਚ ਬੇਹੋਸ਼ ਮਿਲਿਆ ਸੀ ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੈਦੀਆਂ ਦੀਆਂ ਮੌਤਾਂ ਵੱਖ ਵੱਖ ਜੇਲ੍ਹਾਂ ’ਚ ਹੋਈਆਂ ਹਨ ਅਤੇ ਇਹ ਕਿਸੇ ਤਰ੍ਹਾਂ ਦੀ ਹਿੰਸਾ ਨਾਲ ਸਬੰਧਤ ਨਹੀਂ ਹਨ। -ਆਈਏਐਨਐਸ