ਮੰਗਲੁਰੂ (ਕਰਨਾਟਕ): ਮੰਗਲੁਰੂ ਵਿੱਚ ਇੱਕ ਮੱਛੀ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਪੱਛਮੀ ਬੰਗਾਲ ਦੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ ਅੱਠ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਦੀ ਹੈ। ਮ੍ਰਿਤਕਾਂ ਦੀ ਪਛਾਣ ਸਮੀਰੁੱਲਾ ਇਸਲਾਮ, ਉਮਰ ਫਾਰੂਕ ਅਤੇ ਨਿਜਾਮੂਦੀਨ ਸਾਜ ਵਜੋਂ ਹੋਈ ਹੈ, ਜਦੋਂਕਿ ਅਜਾਨ ਅਲੀ, ਕਰੀਬ ਉੱਲਾ, ਅਫਤਲ, ਮਿਰਾਜੁਲ ਇਸਲਾਮ ਅਤੇ ਸਰਾਫ਼ਤ ਅਲੀ ਅਤੇ ਹੋਰਾਂ ਦੀ ਹਾਲਤ ਗੰਭੀਰ ਹੈ। ਮੱਛੀ ਫੈਕਟਰੀ ਮੰਗਲੁਰੂ ਵਿੱਚ ਬਾਜਪੇ ਥਾਣੇ ਦੀ ਹਦੂਦ ਵਿੱਚ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਸਥਿਤ ਹੈ। ਇਹ ਘਟਨਾ ਮੱਛੀ ਵਾਲੇ ਟੈਂਕ ਦੀ ਸਫ਼ਾਈ ਸਮੇਂ ਵਾਪਰੀ। ਇਨ੍ਹਾਂ ਵਿੱਚੋਂ ਇੱਕ ਮਜ਼ਦੂਰ ਟੈਂਕ ਵਿੱਚ ਸਫ਼ਾਈ ਲਈ ਉਤਰਿਆ ਅਤੇ ਬੇਹੋਸ਼ ਹੋ ਗਿਆ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਅੱਠ ਹੋਰ ਵੀ ਬਿਮਾਰ ਹੋ ਗਏ। -ਆਈਏਐੱਨਐੱਸ