ਰਾਂਚੀ: ਝਾਰਖੰਡ ਦੇ ਰਾਂਚੀ ਜ਼ਿਲ੍ਹੇ ਦੇ ਪਿੰਡ ਵਿੱਚ ਜਾਦੂ-ਟੂਣੇ ਕਰਨ ਦੇ ਸ਼ੱਕ ਹੇਠ ਤਿੰਨ ਮਹਿਲਾਵਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲੀਸ ਨੇ ਪੀੜਤ ਮਹਿਲਾਵਾਂ ’ਚੋਂ ਇਕ ਦੇ ਪਤੀ ਤੇ ਪੁੱਤ ਸਣੇ 13 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੈੱਸਐੱਸਪੀ ਕੌਸ਼ਲ ਕਿਸ਼ੋਰ ਨੇ ਕਿਹਾ ਕਿ ਇਹ ਘਟਨਾ ਸੋਨਾਹਾਪੁਟ ਪੁਲੀਸ ਸਟੇਸ਼ਨ ਅਧੀਨ ਆਉਂਦੇ ਰਾਣਾਦੀਹ ਪਿੰਡ ਦੀ ਹੈ। ਹੁਣ ਤੱਕ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਇਨ੍ਹਾਂ ਮਹਿਲਾਵਾਂ ਨੂੰ ਸੋਟੀਆਂ ਨਾਲ ਕੁੱਟਿਆ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਮਹਿਲਾਵਾਂ ਜਾਦੂ-ਟੂਣੇ ਕਰਦੀਆਂ ਹਨ, ਜਿਸ ਕਰਕੇ ਪਿੰਡ ਦੇ ਕੁਝ ਲੋਕਾਂ ਨੂੰ ਸੱਪ ਨੇ ਡੰਗ ਲਿਆ। ਕੁੱਟਮਾਰ ਕਰਕੇ ਮਹਿਲਾਵਾਂ ਨੇ ਦਮ ਤੋੜ ਦਿੱਤਾ ਤਾਂ ਇਨ੍ਹਾਂ ਦੀਆਂ ਲਾਸ਼ਾਂ ਪਿੰਡ ਨੇੜੇ ਪਹਾੜੀਨੁਮਾ ਖੇਤਰ ਵਿੱਚ ਸੁੱਟ ਦਿੱਤੀਆਂ ਗਈਆਂ। ਇਨ੍ਹਾਂ ਵਿਚੋਂ ਦੋ ਲਾਸ਼ਾਂ ਐਤਵਾਰ ਨੂੰ ਮਿਲੀਆਂ ਜਦੋਂਕਿ ਤੀਜੀ ਅੱਜ ਬਰਾਮਦ ਹੋਈ। ਪੁਲੀਸ ਨੇ ਪੀੜਤ ਮਹਿਲਾਵਾਂ ’ਚੋਂ ਇਕ ਦੇ ਰਿਸ਼ਤੇਦਾਰ ਵੱਲੋਂ ਕੀਤੀ ਸ਼ਿਕਾਇਤ ਉੱਤੇ ਮਹਿਲਾ ਦੇ ਪਤੀ ਤੇ ਪੁੱਤਰ ਨੂੰ ਹਿਰਾਸਤ ਵਿਚ ਲੈ ਲਿਆ। ਜਾਦੂ ਟੂਣੇ ਦੇ ਸ਼ੱਕ ਕਾਰਨ ਕਤਲ ਕਰਨਾ ਸੂਬੇ ਵਿੱਚ ਆਮ ਜਿਹੀ ਗੱਲ ਹੈ। ਕੌਮੀ ਅਪਰਾਧ ਰਿਕਾਰਡਜ਼ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਮੁਤਾਬਕ ਸਾਲ 2001 ਤੋਂ 2020 ਦੇ ਅਰਸੇ ਦੌਰਾਨ ਜਾਦੂ-ਟੂਣੇ ਨਾਲ ਜੁੜੀਆਂ ਘਟਨਾਵਾਂ ਵਿੱਚ 590 ਵਿਅਕਤੀਆਂ ਦੀ ਮੌਤ ਹੋਈ ਹੈ। -ਪੀਟੀਆਈ