ਨਵੀਂ ਦਿੱਲੀ, 12 ਦਸੰਬਰ
ਕੇਂਦਰੀ ਗ੍ਰਹਿ ਮੰਤਰਾਲੇ (ਐੱਮਐੱਚਏ) ਨੇ ਪੱਛਮੀ ਬੰਗਾਲ ਦੇ ਉਨ੍ਹਾਂ ਤਿੰਨ ਆਈਪੀਐੱਸ ਅਧਿਕਾਰੀਆਂ ਨੂੰ ਕੇਂਦਰੀ ਡੈਪੂਟੇਸ਼ਨ ਵਿਚ ਸੇਵਾ ਕਰਨ ਲਈ ਸੰਮਨ ਜਾਰੀ ਕੀਤਾ, ਜਿਨ੍ਹਾਂ ’ਤੇ ਭਾਜਪਾ ਮੁਖੀ ਜੇਪੀ ਨੱਢਾ ਦੀ ਪੱਛਮੀ ਬੰਗਾਲ ਫੇਰੀ ਮੌਕੇ ਸੁਰੱਖਿਆ ਦਾ ਜ਼ਿੰਮਾ ਸੀ। ਇਸ ਨਾਲ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਰਮਿਆਨ ਦੋ ਦਿਨ ਪਹਿਲਾਂ ਸ੍ਰੀ ਨੱਢਾ ਦੇ ਕਾਫਲੇ ’ਤੇ ਹੋਏ ਹਮਲੇ ਤੋਂ ਬਾਅਦ ਚੱਲ ਰਹੇ ਟਕਰਾਅ ਦੇ ਹੋਰ ਵਧਣ ਦੀ ਸੰਭਾਵਨਾ ਹੈ। ਐੱਮਐੱਚਏ ਦੇ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਬੰਗਾਲ ਕੇਡਰ ਨਾਲ ਸਬੰਧਤ ਤਿੰਨ ਭਾਰਤੀ ਪੁਲੀਸ ਸੇਵਾ ਅਧਿਕਾਰੀਆਂ ਨੂੰ ਕੇਂਦਰੀ ਡੈਪੂਟੇਸ਼ਨ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ ਹੈ। ਆਮ ਤੌਰ ’ਤੇ ਕਿਸੇ ਵੀ ਆਲ ਇੰਡੀਆ ਸਰਵਿਸ ਅਧਿਕਾਰੀ ਨੂੰ ਕੇਂਦਰੀ ਡੈਪੂਟੇਸ਼ਨ ਵਿਚ ਸੇਵਾ ਕਰਨ ਲਈ ਬੁਲਾਏ ਜਾਣ ਤੋਂ ਪਹਿਲਾਂ ਰਾਜ ਸਰਕਾਰ ਦੀ ਸਹਿਮਤੀ ਲੈ ਲਈ ਜਾਂਦੀ ਹੈ।