ਕੈਨਿੰਗ (ਪੱਛਮੀ ਬੰਗਾਲ): ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਇੱਕ ਭੀੜ-ਭੜੱਕੇ ਵਾਲੀ ਸੜਕ ’ਤੇ ਤ੍ਰਿਣਮੂਲ ਕਾਂਗਰਸ ਦੇ ਤਿੰਨ ਵਰਕਰਾਂ ਦੀ ਹੱਤਿਆ ਕਰ ਦਿੱਤੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਵਰਕਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੈਨਿੰਗ ਦੇ ਧਰਮਤਲਾ ਜਾ ਰਹੇ ਸਨ। ਇਸੇ ਦੌਰਾਨ ਕਰੀਬ ਸਵੇਰੇ ਨੌ ਵਜੇ ਅਣਪਛਾਤੇ ਹਮਲਾਵਰਾਂ ਨੇ ਪੀਰ ਪਾਰਕ ਨੇੜੇ ਉਨ੍ਹਾਂ ਨੂੰ ਰੋਕ ਕੇ ਗੋਲੀਆਂ ਚਲਾਈਆਂ। ਮ੍ਰਿਤਕਾਂ ਦੀ ਪਛਾਣ ਸਥਾਨਕ ਪੰਚਾਇਤ ਮੈਂਬਰ ਸਵਪਨ ਮਾਝੀ ਤੇ ਉਸ ਦੇ ਦੋ ਸਹਿਯੋਗੀਆਂ ਭੂਤਨਾਥ ਪ੍ਰਮਾਨਿਕ ਤੇ ਝਾਟੂ ਮਾਝੀ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਫ਼ਰਾਰ ਹੋਣ ਸਮੇਂ ਹੱਤਿਆਰਿਆਂ ਨੇ ਤਿੰਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਵਾਰ ਕੀਤਾ ਤਾਂ ਕਿ ਇਹ ਯਕੀਨੀ ਹੋ ਜਾਵੇ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਪੁਲੀਸ ਨੂੰ ਘਟਨਾ ਸਥਾਨ ਤੋਂ ਤਿੰਨ ਕਾਰਤੂਸਾਂ ਦੇ ਖੋਲ, ਇੱਕ ਬੰਬ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਏ ਹਨ। -ਪੀਟੀਆਈ