ਮੁੰਬਈ, 16 ਜੁਲਾਈ
ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਅਭਿਨੇਤਰੀ ਸੁਰੇਖਾ ਸੀਕਰੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲ ਦੀ ਸੀ। ਅਦਾਕਾਆ ਦੇ ਏਜੰਟ ਵਿਵੇਕ ਸਿਧਵਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਦੂਜੀ ਵਾਰ ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਸਥਿਤੀ ਗੰਭੀਰ ਹੋ ਗਈ ਸੀ। ਦਿੱਲੀ ਦੀ ਜੰਮਪਲ ਅਦਾਕਾਰਾ ਨੇ ਆਪਣਾ ਬਚਪਨ ਉਤਰਾਖੰਡ ਦੇ ਕੁਮਾਊ ਖੇਤਰ ਦੀਆਂ ਪਹਾੜੀਆਂ ਵਿੱਚ ਬਿਤਾਇਆ। ਉਨ੍ਹਾਂ ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ 1968 ਵਿਚ ਨੈਸ਼ਨਲ ਸਕੂਲ ਆਫ਼ ਡਰਾਮਾ (ਐੱਨਐੱਸਡੀ) ਵਿਚ ਦਾਖਲਾ ਲਿਆ। 1971 ਵਿੱਚ ਐੱਨਐਸਡੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੀਕਰੀ ਨੇ ਥੀਏਟਰ ਵਿੱਚ ਕੰਮ ਕਰਨਾ ਜਾਰੀ ਰੱਖਿਆ ਅਤੇ ਦਹਾਕੇ ਤੋਂ ਵੀ ਵੱਧ ਸਮੇਂ ਤੋਂ ‘ਐੱਨਐੱਸਡੀ ਰੀਪਰੈਟਰੀ ਕੰਪਨੀ’ ਨਾਲ ਜੁੜੀ ਰਹੀ। ਉਨ੍ਹਾਂ ‘ਸੰਧਿਆ ਛਾਇਆ’, ‘ਤੁਗਲਕ’ ਅਤੇ ‘ਆਧੇ ਅਧੂਰੇ’ ਵਰਗੇ ਬਹੁਤ ਸਾਰੇ ਮਸ਼ਹੂਰ ਨਾਟਕ ਕੀਤੇ। ਇਸ ਤੋਂ ਬਾਅਦ ਸੀਕਰੀ ਮੁੰਬਈ ਚਲੀ ਗਈ ਅਤੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1978 ਵਿਚ ‘ਕਿੱਸਾ ਕੁਰਸੀ ਕਾ’ ਨਾਲ ਕੀਤੀ। 1986 ਵਿਚ ਆਈ ਫਿਲਮ ‘ਤਮਸ’ ਵਿਚ ਆਪਣੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਆਪਣੇ ਕਰੀਅਰ ਦਾ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਸੀ। 1989 ਵਿਚ ਉਨ੍ਹਾਂ ਨੂੰ ‘ਸੰਗੀਤ ਨਾਟਕ ਅਕਾਦਮੀ ਅਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ 1994 ਵਿਚ ਫਿਲਮ ‘ਮੰਮੋ’ ਲਈ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲਿਆ। ਅਦਾਕਾਰਾ ਨੇ ਟੀਵੀ ‘ਤੇ ਵੀ ਆਪਣੀ ਅਦਾਕਾਰੀ ਦਿਖਾਈ।ਉਨ੍ਹਾਂ ਨੇ’ ਸਾਂਝਾ ਚੁੱਲ੍ਹਾ ‘,’ ਕਭੀ ਕਭੀ ‘,’ ਜਸਟ ਮੁਹੱਬਤ ‘,’ ਸੀਆਈਡੀ ‘,’ ਬਨੇਗੀ ਅਪਨੀ ਬਾਤ ‘ਵਰਗੇ ਕਈ ਸੀਰੀਅਲ ਕੀਤੇ ਤੇ ਬਾਲਿਕਾ ਵਧੂ ‘ਵਿਚ ਦਾਦੀ ਦੀ ਭੂਮਿਕਾ ਨਿਭਾਈ। ਇਸਦੇ ਨਾਲ ਹੀ,ਉਨ੍ਹਾਂ ਲਗਾਤਾਰ ਫਿਲਮਾਂ ਕਰਨਾ ਜਾਰੀ ਰੱਖਿਆ ਅਤੇ 2018 ਵਿੱਚ ਉਨ੍ਹਾਂ ਨੂੰ ਤੀਜੀ ਵਾਰ ਫਿਲਮ ‘ਬਧਾਈ ਹੋ’ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸੀਕਰੀ ਦਾ ਵਿਆਹ ਹੇਮੰਤ ਰੇਗੇ ਨਾਲ ਹੋਇਆ ਸੀ। ਹੁਣ ਉਸ ਦੇ ਪਰਿਵਾਰ ਵਿਚ ਇਕ ਬੇਟਾ ਰਾਹੁਲ ਸੀਕਰੀ ਹੈ।